ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2025 ਦੇ 49ਵੇਂ ਮੈਚ 'ਚ ਅੱਜ ਚੇਨਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ 'ਚ ਚੇਨਈ ਦਾ ਸਾਹਮਣਾ ਪੰਜਾਬ ਨਾਲ ਹੋਵੇਗਾ। ਚੇਨਈ ਸੁਪਰ ਕਿੰਗਜ਼ ਪਲੇਅ ਆਫ ਦੀ ਦੌੜ ਵਿਚੋਂ ਲੱਗਭਗ ਬਾਹਰ ਹੋ ਚੁੱਕੀ ਹੈ ਪਰ ਉਹ ਪੰਜਾਬ ਕਿੰਗਜ਼ ਵਿਰੁੱਧ ਹੋਣ ਵਾਲੇ ਮੈਚ ਵਿਚ ਚੰਗਾ ਪ੍ਰਦਰਸ਼ਨ ਕਰ ਕੇ ਆਪਣੀ ਕਿਸਮਤ ਬਦਲਣ ਦੀ ਕੋਸ਼ਿਸ਼ ਕਰੇਗੀ। 5 ਵਾਰ ਦੀ ਚੈਂਪੀਅਨ ਚੇਨਈ ਲਈ ਇਹ ਸੈਸ਼ਨ ਨਿਰਾਸ਼ਾਜਨਕ ਰਿਹਾ ਹੈ ਤੇ ਉਹ 9 ਮੈਚਾਂ ਵਿਚੋਂ ਸਿਰਫ 2 ਜਿੱਤਾਂ ਦੇ ਨਾਲ ਅੰਕ ਸੂਚੀ ਵਿਚ ਸਭ ਤੋਂ ਹੇਠਾਂ ਹੈ।ਦੂਜੇ ਪਾਸੇ ਪੰਜਾਬ ਕਿੰਗਜ਼ 9 ਮੈਚਾਂ ਵਿਚੋਂ 5 ਜਿੱਤਾਂ ਦੇ ਨਾਲ 5ਵੇਂ ਸਥਾਨ ’ਤੇ ਹੈ ਤੇ ਉਹ ਲਗਾਤਾਰ ਹਾਰ ਤੋਂ ਨਿਰਾਸ਼ ਚੇਨਈ ਵਿਰੁੱਧ ਜਿੱਤ ਦਰਜ ਕਰ ਕੇ ਅੰਕ ਸੂਚੀ ਵਿਚ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੇਗੀ। ਚੇਨਈ ਲਈ ਸਭ ਤੋਂ ਨਿਰਾਸ਼ਾਜਨਕ ਗੱਲ ਲੰਬੇ ਸਮੇਂ ਤੋਂ ਉਸਦੇ ਗੜ੍ਹ ਮੰਨੇ ਜਾਣ ਵਾਲੇ ਚੇਪਾਕ ਵਿਚ ਘਰੇਲੂ ਹਾਲਾਤ ਨਾਲ ਤਾਲਮੇਲ ਬਿਠਾਉਣ ਵਿਚ ਅਸਫਲ ਰਹਿਣਾ ਹੈ।
ਚੇਨਈ ਦੀ ਟੀਮ ਪਲੇਅ ਆਫ ਵਿਚ ਪਹੁੰਚਣ ਦੀਆਂ ਆਪਣੀਆਂ ਧੁੰਦਲੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਟੂਰਨਾਮੈਂਟ ਦੀ ਆਪਣੀ ਤੀਜੀ ਜਿੱਤ ਦਰਜ ਕਰਨ ਲਈ ਬੇਤਾਬ ਹੋਵੇਗੀ। ਇੱਥੋਂ ਤੱਕ ਕਿ ਮਹਿੰਦਰ ਸਿੰਘ ਧੋਨੀ ਵਰਗਾ ਚਮਤਕਾਰੀ ਖਿਡਾਰੀ ਵੀ ਕੂਹਣੀ ਦੀ ਸੱਟ ਕਾਰਨ ਬਾਹਰ ਹੋਣ ਵਾਲੇ ਰਿਤੂਰਾਜ ਗਾਇਕਵਾੜ ਤੋਂ ਕਪਤਾਨੀ ਸੰਭਾਲਣ ਤੋਂ ਬਾਅਦ ਟੀਮ ਵਿਚ ਜੋਸ਼ ਭਰਨ ਵਿਚ ਅਸਫਲ ਰਿਹਾ ਹੈ। ਧੋਨੀ ਨੇ ਸਵੀਕਾਰ ਕੀਤਾ ਕਿ ਚੇਨਈ ਦੀ ਟੀਮ ਅਜੇ ਤੱਕ ਸਹੀ ਸੁਮੇਲ ਤਿਆਰ ਕਰਨ ਵਿਚ ਅਸਫਲ ਰਹੀ ਹੈ।
ਇਸ ਮੈਚ ਵਿਚ ਕੁਝ ਖਿਡਾਰੀਆਂ ਵਿਚਾਲੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਚੇਨਈ ਦਾ ਨੌਜਵਾਨ ਖਿਡਾਰੀ ਆਯੂਸ਼ ਮਹਾਤ੍ਰੇ ਜਦੋਂ ਪਾਵਰਪਲੇਅ ਵਿਚ ਅਰਸ਼ਦੀਪ ਸਿੰਘ ਦਾ ਸਾਹਮਣਾ ਕਰੇਗਾ ਤਾਂ ਉਹ ਦਮਦਾਰ ਪ੍ਰਦਰਸ਼ਨ ਕਰਨਾ ਚਾਹੇਗਾ।ਵਿਚਾਲੇ ਦੇ ਓਵਰ ਵਿਚ ਸਭ ਤੋਂ ਮਨੋਰੰਜਕ ਜੰਗ ਸ਼ਿਵਮ ਦੂਬੇ ਤੇ ਯੁਜਵੇਂਦਰ ਚਾਹਲ ਵਿਚਾਲੇ ਹੋਣ ਦੀ ਉਮੀਦ ਹੈ। ਚਾਹਲ ਸ਼ਾਨਦਾਰ ਫਾਰਮ ਵਿਚ ਹੈ ਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਚੇਨਈ ਦਾ ਮੱਧਕ੍ਰਮ ਉਸਦੀ ਚੁਣੌਤੀ ਤੋਂ ਕਿਵੇਂ ਪਾਰ ਪਾਉਂਦਾ ਹੈ।
ਪ੍ਰਿਆਂਸ਼ ਆਰੀਆ ਤੇ ਪ੍ਰਭਸਿਮਰਨ ਸਿੰਘ ਨੇ ਪੰਜਾਬ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਹੈ ਤੇ ਇਨ੍ਹਾਂ ਦੋਵਾਂ ’ਤੇ ਰੋਕ ਲਾਉਣ ਦੀ ਜ਼ਿੰਮੇਵਾਰੀ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ’ਤੇ ਹੋਵੇਗੀ। ਕਪਤਾਨ ਸ਼੍ਰੇਅਸ ਅਈਅਰ ਦੇ ਰੂਪ ਵਿਚ ਪੰਜਾਬ ਨੂੰ ਇਕ ਅਜਿਹਾ ਬੱਲੇਬਾਜ਼ ਮਿਲਿਆ ਹੈ ਜਿਹੜਾ ਚੰਗੀ ਤਰ੍ਹਾਂ ਨਾਲ ਸੂਤਰਧਾਰ ਦੀ ਭੂਮਿਕਾ ਨਿਭਾਉਂਦਾ ਹੈ। ਚੇਨਈ ਦੇ ਸਪਿੰਨਰ ਨੂਰ ਅਹਿਮਦ ਨੂੰ ਉਸਦੇ ਵਿਰੁੱਧ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਪਵੇਗਾ। ਧੋਨੀ 43 ਸਾਲ ਦਾ ਹੋਣ ਦੇ ਬਾਵਜੂਦ ਮੈਚ ਦਾ ਹਾਂ-ਪੱਖੀ ਅੰਤ ਕਰਨ ਵਿਚ ਸਮਰੱਥ ਹੈ ਪਰ ਵਿਜੇ ਸ਼ੰਕਰ, ਦੀਪਕ ਹੁੱਡਾ ਤੇ ਰਾਹੁਲ ਤ੍ਰਿਪਾਠੀ ਵਰਗੇ ਭਾਰਤੀ ਬੱਲੇਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਹੈ।