ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਨਵੇਂ ਗਾਹਕਾਂ ਲਈ ਹੋਮ ਲੋਨ ਦੀਆਂ ਵਿਆਜ ਦਰਾਂ 25 ਆਧਾਰ ਅੰਕ ਭਾਵ 0.25 ਫ਼ੀਸਦੀ ਵਧਾ ਦਿੱਤੀਆਂ ਹਨ। ਇਹ ਤਾਜ਼ਾ ਵਾਧਾ ਮੁੱਖ ਤੌਰ ’ਤੇ ਘੱਟ ਕ੍ਰੈਡਿਟ ਸਕੋਰ ਵਾਲੇ ਗਾਹਕਾਂ ਨੂੰ ਪ੍ਰਭਾਵਿਤ ਕਰੇਗੀ, ਕਿਉਂਕਿ ਬੈਂਕ ਨੇ ਆਪਣੇ ਲੋਨ ਰੇਟ ਦੀ ਉੱਪਰੀ ਹੱਦ ਵਧਾ ਦਿੱਤੀ ਹੈ।
ਭਾਰਤੀ ਸਟੇਟ ਬੈਂਕ ਦੇ ਨਾਲ ਹੀ ਇਕ ਹੋਰ ਸਰਕਾਰੀ ਬੈਂਕ- ਯੂਨੀਅਨ ਬੈਂਕ ਆਫ ਇੰਡੀਆ ਨੇ ਵੀ ਹੋਮ ਲੋਨ ਦੀਆਂ ਵਿਆਜ ਦਰਾਂ ਵਧਾ ਦਿੱਤੀਆਂ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ 2 ਬੈਂਕਾਂ ਤੋਂ ਬਾਅਦ ਹੋਰ ਸਰਕਾਰੀ ਬੈਂਕ ਵੀ ਹੋਮ ਲੋਨ ਮਹਿੰਗਾ ਕਰ ਸਕਦੇ ਹਨ। ਭਾਰਤੀ ਰਿਜ਼ਰਵ ਬੈਂਕ ਵੱਲੋਂ ਇਸ ਸਾਲ ਰੈਪੋ ਰੇਟ ’ਚ 1 ਫ਼ੀਸਦੀ ਦੀ ਕਟੌਤੀ ਕਰਨ ਤੋਂ ਬਾਅਦ ਮੁੱਲ ਨਿਰਧਾਰਣ ਦਾ ਦਬਾਅ ਵਧ ਗਿਆ ਹੈ।
ਨਵੇਂ ਗਾਹਕਾਂ ਲਈ ਹੋਮ ਲੋਨ ਦੀਆਂ ਨਵੀਆਂ ਦਰਾਂ 7.5 ਤੋਂ 8.70 ਫ਼ੀਸਦੀ ਦੇ ਵਿਚਾਲੇ ਹੋਣਗੀਆਂ
ਇਕ ਮੀਡੀਆ ਰਿਪੋਰਟ ਮੁਤਾਬਕ ਜੁਲਾਈ ਦੇ ਦੂਜੇ ਪੰਦਰਵਾੜੇ ਦੌਰਾਨ ਐੱਸ. ਬੀ. ਆਈ. ਦੇ ਹੋਮ ਲੋਨ ਦੀ ਦਰ 7.5 ਤੋਂ 8.45 ਫੀਸਦੀ ਦੇ ਵਿਚਾਲੇ ਸਨ ਪਰ ਇਸ ਨਵੇਂ ਵਾਧੇ ਤੋਂ ਬਾਅਦ ਨਵੇਂ ਗਾਹਕਾਂ ਲਈ ਹੋਮ ਲੋਨ ਦੀਆਂ ਨਵੀਆਂ ਦਰਾਂ 7.5 ਤੋਂ 8.70 ਫ਼ੀਸਦੀ ਦੇ ਵਿਚਾਲੇ ਹੋਣਗੀਆਂ।
ਯੂਨੀਅਨ ਬੈਂਕ ਆਫ ਇੰਡੀਆ ਨੇ ਆਪਣੀਆਂ ਵਿਆਜ ਦਰਾਂ ਜੁਲਾਈ ਦੇ ਅੰਤ ’ਚ 7.35 ਤੋਂ ਵਧਾ ਕੇ 7.45 ਫ਼ੀਸਦੀ ਕਰ ਦਿੱਤੀ ਹੈ। ਇਨ੍ਹਾਂ ਦੇ ਮੁਕਾਬਲੇ ਐੱਚ. ਡੀ. ਐੱਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਐਕਸਿਸ ਬੈਂਕ ਵਰਗੇ ਪ੍ਰਾਈਵੇਟ ਬੈਂਕ ਮੌਜੂਦਾ ਸਮੇਂ ’ਚ ਕ੍ਰਮਵਾਰ 7.90, 8.00 ਅਤੇ 8.35 ਫ਼ੀਸਦੀ ਦੀਆਂ ਸ਼ੁਰੂਆਤੀ ਦਰਾਂ ’ਤੇ ਹੋਮ ਲੋਨ ਦੇ ਰਹੇ ਹਨ।
ਸਿਰਫ ਨਵੇਂ ਗਾਹਕਾਂ ’ਤੇ ਲਾਗੂ ਹੋਣਗੀਆਂ ਵਧੀ ਹੋਈ ਵਿਆਜ ਦਰਾਂ
ਮਾਮਲੇ ਤੋਂ ਜੁਡ਼ੇ ਇਕ ਜਾਣਕਾਰ ਨੇ ਦੱਸਿਆ ਕਿ ਐੱਸ. ਬੀ. ਆਈ. ਨੇ ਸਿਬਿਲ ਸਕੋਰ ਅਤੇ ਐਕਸਟਰਨਲ ਬੈਂਚਮਾਰਕ ਲੈਂਡਿੰਗ ਰੇਟ ਦੇ ਆਧਾਰ ’ਤੇ ਵਿਆਜ ਦਰਾਂ ’ਚ ਬਦਲਾਅ ਕੀਤਾ ਹੈ। ਇਹ ਬੈਂਕ ਲਈ ਘੱਟ ਰਿਟਰਨ ਦੇਣ ਵਾਲਾ ਪ੍ਰੋਡਕਟ ਹੈ, ਇਸ ਲਈ ਘੱਟ ਕ੍ਰੈਡਿਟ ਸਕੋਰ ਵਾਲੇ ਗਾਹਕਾਂ ਲਈ ਨਵੇਂ ਲੋਨ ’ਤੇ ਮਾਰਜਿਨ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਬਦਲਾਅ ਸਿਰਫ ਨਵੇਂ ਗਾਹਕਾਂ ’ਤੇ ਲਾਗੂ ਹੁੰਦਾ ਹੈ ਅਤੇ 8 ਲੱਖ ਕਰੋੜ ਰੁਪਏ ਦੇ ਬਕਾਇਆ ਲੋਨ ’ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਐੱਸ. ਬੀ. ਆਈ. ਦੇ ਰਿਟੇਲ ਲੋਨ ਪੋਰਟਫੋਲੀਓ ’ਚ ਹੋਮ ਲੋਨ ਦਾ ਸਭ ਤੋਂ ਵੱਡਾ ਹਿੱਸਾ ਹੈ।