ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਦੋ-ਦਿਨਾਂ ਸਰਕਾਰੀ ਦੌਰੇ 'ਤੇ ਆਏ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਸੋਮਵਾਰ ਨੂੰ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਉੱਚ-ਪੱਧਰੀ ਦੋ-ਪੱਖੀ ਗੱਲਬਾਤ ਕੀਤੀ। ਮਾਰਚ 2026 'ਚ ਨੇਪਾਲ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਬਾਲੇਂਦਰ ਸ਼ਾਹ ਦੀ ਇਹ ਪਹਿਲੀ ਭਾਰਤ ਯਾਤਰਾ ਹੈ, ਜਿਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਵਪਾਰ, ਊਰਜਾ, ਕੁਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਸਣੇ ਕਈ ਅਹਿਮ ਖੇਤਰਾਂ 'ਚ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ ਗਈ।
ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਦੋ-ਪੱਖੀ ਵਾਰਤਾ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਨੇਪਾਲੀ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਦਾ ਰਸਮੀ ਸਵਾਗਤ ਕੀਤਾ ਗਿਆ, ਜਿੱਥੇ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ 'ਗਾਰਡ ਆਫ਼ ਆਨਰ' ਦਿੱਤਾ ਗਿਆ। ਇਸ ਤੋਂ ਬਾਅਦ ਬਾਲੇਨ ਸ਼ਾਹ ਨੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਵਿਜ਼ਟਰ ਬੁੱਕ ਵਿੱਚ ਆਪਣਾ ਸੰਦੇਸ਼ ਲਿਖਦਿਆਂ ਉਨ੍ਹਾਂ ਸੱਚ ਨੂੰ "ਹਰ ਤਾਕਤ ਤੋਂ ਵੱਡੀ ਸ਼ਕਤੀ" ਅਤੇ ਦਇਆ ਨੂੰ "ਸਭ ਤੋਂ ਵੱਡੀ ਤਾਕਤ" ਦੱਸਿਆ। ਭਗਵਾਨ ਬੁੱਧ ਦੀ ਜਨਮ ਭੂਮੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਅਤੇ ਨੇਪਾਲ ਸਿਰਫ਼ ਭੂਗੋਲਿਕ ਤੌਰ 'ਤੇ ਹੀ ਨਹੀਂ, ਸਗੋਂ ਵਿਸ਼ਵਾਸ, ਸਾਂਝ ਅਤੇ ਸਦੀਵੀ ਦੋਸਤੀ ਦੇ ਅਟੁੱਟ ਰਿਸ਼ਤੇ ਨਾਲ ਜੁੜੇ ਹੋਏ ਹਨ।
ਹੈਦਰਾਬਾਦ ਹਾਊਸ ਵਿਖੇ ਹੋਈ ਬੈਠਕ ਦੌਰਾਨ ਦੋਵਾਂ ਆਗੂਆਂ ਨੇ ਅਯੁੱਧਿਆ ਅਤੇ ਜਨਕਪੁਰ (ਨੇਪਾਲ) ਨੂੰ ਸਿੱਧਾ ਜੋੜਨ ਵਾਲੀ 'ਸਰਯੂ-ਕਮਲਾ ਐਕਸਪ੍ਰੈੱਸ' ਰੇਲਗੱਡੀ ਨੂੰ ਵਰਚੁਅਲ ਤਰੀਕੇ ਨਾਲ ਹਰੀ ਝੰਡੀ ਦਿਖਾਈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵੱਲੋਂ ਲੰਬੇ ਸਮੇਂ ਦੇ ਸਾਂਝੇ ਟੀਚਿਆਂ ਲਈ "ਸਮ੍ਰਿਧ ਨੇਪਾਲ, ਸਮੁੰਨਤ ਭਾਰਤ" ਨਾਂ ਦਾ ਸਾਂਝਾ ਵਿਜ਼ਨ ਡਾਕੂਮੈਂਟ ਜਾਰੀ ਕਰਨ ਅਤੇ ਊਰਜਾ ਤੇ ਸੰਪਰਕ ਨਾਲ ਜੁੜੇ ਕਈ ਮੁਕੰਮਲ ਪ੍ਰੋਜੈਕਟਾਂ ਦਾ ਉਦਘਾਟਨ ਤੇ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਹੈ।
ਇਸ ਦੌਰੇ ਦੌਰਾਨ ਸਿੱਖਿਆ, ਸਿਹਤ, ਖੇਤੀਬਾੜੀ, ਖੇਡਾਂ, ਆਫ਼ਤ ਪ੍ਰਬੰਧਨ ਅਤੇ ਮਨੁੱਖੀ ਸਰੋਤ ਵਿਕਾਸ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਲਈ ਸਮਝੌਤਾ ਪੱਤਰਾਂ ਦਾ ਆਦਾਨ-ਪ੍ਰਦਾਨ ਕੀਤਾ ਜਾ ਰਿਹਾ ਹੈ। ਨੇਪਾਲੀ ਪ੍ਰਧਾਨ ਮੰਤਰੀ ਦੇ ਨਾਲ ਵਿੱਤ ਮੰਤਰੀ ਸਵਰਨਿਮ ਵਾਗਲੇ, ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਅਤੇ ਮੁੱਖ ਸਲਾਹਕਾਰ ਕੁਮਾਰ ਬਿਆਂਜੰਕਰ ਸਮੇਤ 34-35 ਮੈਂਬਰੀ ਸਰਕਾਰੀ ਵਫ਼ਦ ਭਾਰਤ ਆਇਆ ਹੈ। ਇਸ ਤੋਂ ਇਲਾਵਾ 52 ਕਾਰੋਬਾਰੀ ਨੁਮਾਇੰਦਿਆਂ ਦਾ ਵੱਖਰਾ ਵਫ਼ਦ ਵੀ ਆਇਆ ਹੈ, ਜੋ 'ਨੇਪਾਲ-ਭਾਰਤ ਬਿਜ਼ਨਸ ਫੋਰਮ' ਰਾਹੀਂ ਨੇਪਾਲ ਵਿੱਚ ਭਾਰਤੀ ਨਿਵੇਸ਼ ਵਧਾਉਣ ਲਈ ਵਿਚਾਰ-ਵਟਾਂਦਰਾ ਕਰੇਗਾ। ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇਪਾਲੀ ਵਫ਼ਦ ਦੇ ਸਨਮਾਨ ਵਿੱਚ ਸਰਕਾਰੀ ਦੁਪਹਿਰ ਦੇ ਭੋਜਨ ਦੀ ਮੇਜ਼ਬਾਨੀ ਕਰਨਗੇ ਅਤੇ ਸ਼ਾਹ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਵੀ ਮੁਲਾਕਾਤ ਕਰਨਗੇ।