ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਨੇ 2027 ਵਿਧਾਨ ਸਭਾ ਚੋਣਾਂ ਲਈ ਆਪਣੇ ਸੰਕਲਪ ਪੱਤਰ ਦੀ ਤਿਆਰੀ ਦੇ ਸੰਦਰਭ ਵਿੱਚ ਇੱਕ ਵਿਆਪਕ ਸੁਝਾਅ ਮੁਹਿੰਮ ਜਾ ਅਗਾਜ਼ ਕੀਤਾ ਹੈ। ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਡਾਕਟਰ ਸਤੀਸ਼ ਪੂਨੀਆ, ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਵਿਨਾਸ਼ ਰਾਏ ਖੰਨਾ ਤੇ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਤਿੰਨ ਫੋਨ ਨੰਬਰ ਤੇ ਇੱਕ ਕਿਊਆਰ ਕੋਡ ਜਾਰੀ ਕਰ ਕੇ ਇਸ ਸੁਝਾਅ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਵਾਈ।
ਪਾਰਟੀ ਦੇ ਸੂਬਾਈ ਦਫ਼ਤਰ ਪੰਜਾਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ, ਗੈਂਗਸਟਰਵਾਦ, ਭ੍ਰਿਸ਼ਟਾਚਾਰ ਅਤੇ ਕਰਜ਼ ਦੇ ਸੰਕਟ ਵਿੱਚੋਂ ਕੱਢਣ ਦਾ ਇੱਕੋ-ਇੱਕ ਹੱਲ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਨ ਸਰਕਾਰ ਹੈ, ਜਦੋਂ ਕੇਂਦਰ ਤੇ ਸੂਬਾ ਸਰਕਾਰ ਇੱਕ ਸੋਚ ਨਾਲ ਕੰਮ ਕਰਨਗੇ ਤਾਂ ਸੂਬਾ ਦਿਨ-ਦੁੱਗਣੀ-ਰਾਤ ਚੌਗਣੀ ਤਰੱਕੀ ਨਾਲ ਅੱਗੇ ਵਧੇਗਾ। ਉਨ੍ਹਾਂ ਕਿਹਾ ਕਿ ਇਸੇ ਸੋਚ ਨਾਲ ਅੱਜ ਪੰਜਾਬ ਭਾਜਪਾ ਵੱਲੋਂ ਹੈਲਪਲਾਈਨ ਨੰਬਰ ਅਤੇ ਵੈੱਬਸਾਈਟ ਦਾ ਕਿਊਆਰ ਕੋਡ ਜਾਰੀ ਕੀਤਾ ਜਾ ਰਿਹਾ ਹੈ, ਤਾਂ ਜੋ ਪੰਜਾਬ ਦਾ ਹਰ ਨਾਗਰਿਕ ਸਿੱਧਾ ਪਾਰਟੀ ਨਾਲ ਜੁੜ ਕੇ ਆਪਣੇ ਸੁਝਾਅ ਅਤੇ ਵਿਚਾਰ ਸਾਂਝੇ ਕਰ ਸਕੇ। ਭਾਜਪਾ ਪੰਜਾਬ ਨਸ਼ਾ ਮੁਕਤੀ ਅਤੇ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਉਤਰੇਗੀ। ਸਾਡਾ ਇੱਕੋ ਏਜੰਡਾ ਪੰਜਾਬ ਦਾ ਵਿਕਾਸ, ਪੰਜਾਬ ਨੂੰ ਨਸ਼ਾ ਮੁਕਤ ਕਰਨਾ, ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣਾ ਅਤੇ ਪੰਜਾਬ ਦੀ ਖੁਸ਼ਹਾਲੀ ਹੈ। ਇਸ ਮੌਕੇ ਮੈਨੀਫੈਸਟੋ ਕਮੇਟੀ ਮੈਂਬਰ ਤੇ ਕੌਮੀ ਉੱਪ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਐਡਵੋਕੇਟ ਐੱਚਐੱਸ ਫੂਲਕਾ, ਰਾਜ ਸਭਾ ਮੈਂਬਰ ਰਜਿੰਦਰ ਗੁਪਤਾ, ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਅਸ਼ਵਨੀ ਸੇਖੜੀ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਰਾਣਾ ਗੁਰਮੀਤ ਸਿੰਘ ਸੋਢੀ, ਪਰਮਪਾਲ ਕੌਰ ਅਤੇ ਸਟੇਟ ਮੀਡੀਆ ਹੈੱਡ ਵਿਨੀਤ ਜੋਸ਼ੀ ਵੀ ਹਾਜ਼ਰ ਸਨ।
ਸੁਝਾਵਾਂ ਲਈ 3 ਫੋਨ ਨੰਬਰ ਤੇ ਕਿਊਆਰ ਕੋਡ ਜਾਰੀ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਲੋਕਾਂ ਦੇ ਸੁਝਾਅ ਲੈਣ ਲਈ ਪਾਰਟੀ ਵਲੋਂ ਤਿੰਨ ਫੋਨ ਨੰਬਰ ਤੇ ਇੱਕ ਕਿਊਆਰ ਕੋਡ ਜਾਰੀ ਕੀਤਾ ਗਿਆ ਹੈ। ਪਹਿਲਾ ਫੋਨ ਨੰਬਰ- 0-797-194-3333 ਹੈ, ਜਿਸ ਉੱਤੇ ਫੋਨ ਕਰ ਕੇ ਸੁਝਾਅ ਦਿੱਤਾ ਜਾ ਸਕਦਾ ਹੈ। ਦੂਜਾ ਫੋਨ ਨੰਬਰ ਹੈ -991-300-2027, ਜਿਸ ਉੱਤੇ ਮਿਸ ਕਾਲ ਕੀਤੀ ਜਾ ਸਕਦੀ ਹੈ, ਪਾਰਟੀ ਦੇ ਦਫ਼ਤਰ ਤੋਂ ਉਸ ਵਿਅਕਤੀ ਨੂੰ ਫੋਨ ਕਰ ਕੇ ਸੁਝਾਅ ਲਿਆ ਜਾਵੇਗਾ। ਤੀਜਾ ਨੰਬਰ-750-856-0065 ਜਿਸ ਉੱਤੇ ਵੱਟਸਐਪ ਮੈਸਿਜ ਰਾਹੀਂ ਸੁਝਾਅ ਭੇਜਿਆ ਜਾ ਸਕਦਾ ਹੈ। ਇਸ ਦੇ ਨਾਲ-ਨਾਲ ਕਿਊਆਰ ਕੋਡ ਰਾਹੀਂ ਵੀ ਸੰਪਰਕ ਕਰ ਕੇ ਸੁਝਾਅ ਭੇਜਿਆ ਜਾ ਸਕਦਾ ਹੈ। ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਲੋਕਾਂ ਦੇ ਸੁਝਾਅ ਲੈਣ ਲਈ ਪੰਜਾਬ ਵਿੱਚ ਵੈਨਜ਼ ਭੇਜੀਆਂ ਜਾਣਗੀਆਂ, ਜਿਨ੍ਹਾਂ ਉੱਤੇ ਜਿੱਥੇ ਮੋਦੀ ਸਰਕਾਰ ਦੇ ਕਾਰਜਾਂ ਦਾ ਵੇਰਵਾ ਹੋਵੇਗਾ, ਉੱਤੇ ਸੁਝਾਅ ਬਾਕਸ ਵੀ ਲੱਗੇ ਹੋਣਗੇ। ਉਨ੍ਹਾਂ ਰਾਹੀਂ ਵੀ ਸੁਝਾਅ ਦਿੱਤੇ ਜਾ ਸਕਦੇ ਹਨ। ਇਨ੍ਹਾਂ ਸੁਝਾਵਾਂ ਨੂੰ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਕਮੇਟੀ ਅਧਿਐਨ ਕਰਨ ਤੋਂ ਬਾਅਦ ਸੰਕਲਪ ਪੱਤਰ ਵਿੱਚ ਸ਼ਾਮਲ ਕਰਵਾਏਗੀ।
ਵਿਜ਼ਨ ਡਾਕੂਮੈਂਟ ਪੰਜਾਬ ਦੇ ਸੁਝਾਵਾਂ ਦਾ ਪ੍ਰਤੀਕ ਹੋਵੇਗਾ : ਅਵਿਨਾਸ਼ ਰਾਏ ਖੰਨਾ
ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਭਾਜਪਾ ਦਾ ਵਿਜ਼ਨ ਡਾਕੂਮੈਂਟ ਪੰਜਾਬ ਦੇ ਲੋਕਾਂ ਦੀਆਂ ਆਸਾਂ, ਉਮੀਦਾਂ ਅਤੇ ਸੁਝਾਵਾਂ ਦੇ ਆਧਾਰ ’ਤੇ ਤਿਆਰ ਕੀਤਾ ਜਾਵੇਗਾ। ਇਹ ਸਿਰਫ਼ ਚੋਣਾਂ ਤੱਕ ਸੀਮਤ ਦਸਤਾਵੇਜ਼ ਨਹੀਂ, ਸਗੋਂ ਲੋਕਾਂ ਨਾਲ ਕੀਤਾ ਗਿਆ ਵਾਅਦਾ ਹੋਵੇਗਾ, ਜਿਸ ਨੂੰ ਪੂਰਾ ਕਰਨ ਲਈ ਪਾਰਟੀ ਪੂਰੀ ਵਚਨਬੱਧਤਾ ਨਾਲ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਕਮੇਟੀ ਸਾਰੇ ਸੁਝਾਵਾਂ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਵਿਜ਼ਨ ਡਾਕੂਮੈਂਟ ਵਿੱਚ ਸ਼ਾਮਲ ਕਰੇਗੀ। ਇਸ ਲਈ ਸੁਝਾਅ ਬਾਕਸ, ਫ਼ੋਨ ਅਤੇ ਮੈਸੇਜ ਰਾਹੀਂ ਲੋਕਾਂ ਨਾਲ ਸੰਪਰਕ ਕੀਤਾ ਜਾਵੇਗਾ। ਭਾਜਪਾ ਦੀਆਂ ਵੈਨਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਦੇ ਸੁਝਾਅ ਇਕੱਠੇ ਕਰਨਗੀਆਂ। ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਤੱਕ ਇੱਕ 'ਵਿਜ਼ਨ ਦਸਤਾਵੇਜ਼' (vision document) ਜਾਰੀ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ, ਜਿਸ ਵਿੱਚ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪੰਜਾਬ ਦੇ ਵਿਕਾਸ ਲਈ ਇੱਕ ਰੂਪ-ਰੇਖਾ (roadmap), ਦੋਵੇਂ ਸ਼ਾਮਲ ਹੋਣਗੇ। ਸਾਡਾ ਉਦੇਸ਼ ਲੋਕਾਂ ਲਈ ਇੱਕ ਅਜਿਹਾ ਚੋਣ ਮਨੋਰਥ ਪੱਤਰ ਤਿਆਰ ਕਰਨਾ ਹੈ, ਜਿਸ ਦਾ ਟੀਚਾ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਉਣਾ ਅਤੇ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣਾ ਹੈ।