ਵਨਡੇ ਸੀਰੀਜ਼ 'ਚ ਭਾਰਤ ਹੱਥੋਂ 3-1 ਨਾਲ ਹਾਰ ਦਾ ਸਾਹਮਣਾ ਕਰਨ ਵਾਲੀ ਨਿਊਜ਼ੀਲੈਂਡ ਨੂੰ ਟੈਸਟ ਸੀਰੀਜ਼ ਤੋਂ ਪਹਿਲਾਂ ਵੀ ਵੱਡਾ ਝਟਕਾ ਲੱਗ ਗਿਆ ਹੈ। ਭਾਰਤ ਖ਼ਿਲਾਫ਼ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ 2 ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਅਨੁਭਵੀ ਸਪਿਨ ਆਲਰਾਊਂਡਰ ਮਿਸ਼ੇਲ ਸੈਂਟਨਰ ਸੱਜੇ ਹੱਥ 'ਚ ਫ੍ਰੈਕਚਰ ਹੋਣ ਕਾਰਨ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ ਹਨ।
34 ਸਾਲਾ ਸੈਂਟਨਰ ਨੂੰ ਮਾਊਂਟ ਮੌਂਗਾਨੁਈ ਵਿਖੇ ਭਾਰਤ ਖ਼ਿਲਾਫ਼ ਖੇਡੇ ਗਏ 5ਵੇਂ ਵਨਡੇ ਮੈਚ ਦੌਰਾਨ ਬੱਲੇਬਾਜ਼ੀ ਕਰਦਿਆਂ ਹੱਥ 'ਤੇ ਗੇਂਦ ਲੱਗੀ ਸੀ। ਸਕੈਨ ਰਿਪੋਰਟਾਂ 'ਚ ਸੱਜੇ ਹੱਥ ਦੀ ਹੱਡੀ ਟੁੱਟਣ ਦੀ ਪੁਸ਼ਟੀ ਹੋਣ ਤੋਂ ਬਾਅਦ ਉਹ ਭਾਰਤ ਖ਼ਿਲਾਫ਼ ਦੋਵੇਂ ਟੈਸਟ ਮੈਚ ਨਹੀਂ ਖੇਡ ਸਕਣਗੇ। ਇਸ ਤੋਂ ਇਲਾਵਾ 9 ਦਸੰਬਰ ਤੋਂ ਆਸਟ੍ਰੇਲੀਆ ਖ਼ਿਲਾਫ਼ ਸ਼ੁਰੂ ਹੋਣ ਵਾਲੀ 4 ਮੈਚਾਂ ਦੀ ਟੈਸਟ ਸੀਰੀਜ਼ ਤੱਕ ਉਨ੍ਹਾਂ ਦੇ ਫਿੱਟ ਹੋਣ 'ਤੇ ਵੀ ਸਸਪੈਂਸ ਬਣਿਆ ਹੋਇਆ ਹੈ।
ਨਿਊਜ਼ੀਲੈਂਡ ਕ੍ਰਿਕਟ ਨੇ ਸੈਂਟਨਰ ਦੀ ਥਾਂ 28 ਸਾਲਾ ਸਪਿਨ ਆਲਰਾਊਂਡਰ ਡੀਨ ਫੌਕਸਕ੍ਰਾਫਟ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਫੌਕਸਕ੍ਰਾਫਟ ਨੇ ਇਸੇ ਸਾਲ ਮਈ ਵਿੱਚ ਬੇਲਫਾਸਟ ਵਿਖੇ ਆਇਰਲੈਂਡ ਖ਼ਿਲਾਫ਼ ਆਪਣਾ ਟੈਸਟ ਡੈਬਿਊ ਕਰਦਿਆਂ 98 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਵੀਰਵਾਰ (19 ਨਵੰਬਰ) ਤੋਂ ਵੈਲਿੰਗਟਨ ਦੇ ਬੇਸਿਨ ਰਿਜ਼ਰਵ ਵਿਖੇ ਅਤੇ ਦੂਜਾ ਟੈਸਟ 27 ਨਵੰਬਰ ਤੋਂ ਕ੍ਰਾਈਸਟਚਰਚ ਦੇ ਹੈਗਲੇ ਓਵਲ ਵਿਖੇ ਖੇਡਿਆ ਜਾਵੇਗਾ। ਵਿਸ਼ਵ ਟੈਸਟ ਚੈਂਪੀਅਨਸ਼ਿਪ ਪੁਆਇੰਟ ਟੇਬਲ 'ਚ ਸਿਖ਼ਰ 'ਤੇ ਕਾਬਜ਼ ਕੀਵੀ ਟੀਮ 2024 'ਚ ਭਾਰਤ ਨੂੰ ਉਸੇ ਦੀ ਧਰਤੀ 'ਤੇ 3-0 ਨਾਲ ਹਰਾਉਣ ਦੇ ਇਤਿਹਾਸਕ ਪ੍ਰਦਰਸ਼ਨ ਨੂੰ ਦੁਹਰਾਉਣ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ, ਜਦਕਿ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਆਪਣੀ ਪੋਜ਼ੀਸ਼ਨ ਸੁਧਾਰਨ ਦੇ ਇਰਾਦੇ ਨਾਲ ਖੇਡੇਗਾ।
ਨਿਊਜ਼ੀਲੈਂਡ ਦੀ ਟੀਮ
ਟੌਮ ਲੈਥਮ (ਕਪਤਾਨ), ਟੌਮ ਬਲੰਡਲ, ਡੇਵੋਨ ਕੌਨਵੇ, ਜੈਕਬ ਡਫੀ, ਡੀਨ ਫੌਕਸਕ੍ਰਾਫਟ, ਮੈਟ ਹੈਨਰੀ, ਕਾਇਲ ਜੈਮੀਸਨ, ਡੈਰਿਲ ਮਿਸ਼ੇਲ, ਹੈਨਰੀ ਨਿਕੋਲਸ, ਗਲੇਨ ਫਿਲਿਪਸ, ਰਚਿਨ ਰਵਿੰਦਰ, ਨਾਥਨ ਸਮਿਥ, ਬਲੇਅਰ ਟਿਕਨਰ ਅਤੇ ਵਿਲ ਯੰਗ।