ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮਾਊਂਟ ਮਾਊਂਗਾਨੁਈ ਦੇ ਬੇ ਓਵਲ ਮੈਦਾਨ 'ਤੇ ਖੇਡੇ ਜਾ ਰਹੇ ਚੌਥੇ ਵਨਡੇ ਮੈਚ ਦੌਰਾਨ ਉਸ ਸਮੇਂ ਮਾਹੌਲ ਕਾਫੀ ਗਰਮਾ ਗਿਆ, ਜਦੋਂ ਭਾਰਤੀ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਤੇ ਨਿਊਜ਼ੀਲੈਂਡ ਦੇ ਬੱਲੇਬਾਜ਼ ਟਿਮ ਸੀਫਰਟ ਵਿਚਾਲੇ ਬਹਿਸ ਹੋ ਗਈ। ਦਰਅਸਲ ਗੁਰਨੂਰ ਨੇ ਨਿਊਜ਼ੀਲੈਂਡ ਦੀ ਪਾਰੀ ਦੇ 12ਵੇਂ ਓਵਰ ਵਿੱਚ ਇੱਕ ਸ਼ਾਰਟ ਪਿੱਚ ਗੇਂਦ ਸੁੱਟੀ ਸੀ, ਜਿਸ 'ਤੇ ਟਿਮ ਸੀਫਰਟ ਨੇ ਪੁੱਲ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ। ਪਰ ਗੇਂਦ ਬੱਲੇ ਦੇ ਉੱਪਰਲੇ ਹਿੱਸੇ 'ਤੇ ਲੱਗਦੇ ਹੀ ਹਵਾ ਵਿੱਚ ਉਛਲ ਗਈ, ਜਿਸ ਨੂੰ ਵਿਕਟਕੀਪਰ ਈਸ਼ਾਨ ਕਿਸ਼ਨ ਨੇ ਅੱਗੇ ਵੱਲ ਡਾਈਵ ਲਗਾ ਕੇ ਸ਼ਾਨਦਾਰ ਕੈਚ ਫੜ ਲਿਆ।
ਜਿਵੇਂ ਹੀ ਸੀਫਰਟ ਆਊਟ ਹੋਇਆ ਤਾਂ ਗੁਰਨੂਰ ਉਸ ਦੇ ਸਾਹਮਣੇ ਜਾ ਕੇ ਜੋਸ਼ ਵਿੱਚ ਜਸ਼ਨ ਮਨਾਉਣ ਲੱਗ ਪਿਆ, ਜਿਸ ਕਾਰਨ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਹਾਲਾਂਕਿ ਸਥਿਤੀ ਵਿਗੜਦੀ ਵੇਖ ਸੀਨੀਅਰ ਖਿਡਾਰੀ ਵਿਰਾਟ ਕੋਹਲੀ ਅੱਗੇ ਆਏ ਅਤੇ ਤੁਰੰਤ ਦਖ਼ਲ ਦੇ ਕੇ ਮਾਹੌਲ ਸ਼ਾਂਤ ਕਰਵਾਇਆ ਅਤੇ ਗੁਰਨੂਰ ਨੂੰ ਉੱਥੋਂ ਪਾਸੇ ਲੈ ਗਏ। ਮੈਦਾਨੀ ਅੰਪਾਇਰ ਕ੍ਰਿਸ ਬ੍ਰਾਊਨ ਨੇ ਵੀ ਦਖ਼ਲ ਦਿੰਦੇ ਹੋਏ ਗੁਰਨੂਰ ਬਰਾੜ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ।