ਢਾਕਾ : ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ ਦੇ ਪੂਰਵ ਮੁੱਖ ਕੋਚ ਸਰਵਰ ਇਮਰਾਨ ਨੇ ਦਾਅਵਾ ਕੀਤਾ ਹੈ ਕਿ ਟੀਮ ਵਿੱਚ ਫਿਟਨੈੱਸ ਅਤੇ ਅਨੁਸ਼ਾਸਨ ਦੀ ਭਾਰੀ ਕਮੀ ਹੈ। ਉਨ੍ਹਾਂ ਕਿਹਾ ਕਿ ਖਿਡਾਰਨਾਂ ਨੂੰ ਉਨ੍ਹਾਂ ਦੇ 'ਕੰਫਰਟ ਜ਼ੋਨ' ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਦਾ ਖਾਮਿਆਜ਼ਾ ਉਨ੍ਹਾਂ ਨੂੰ ਆਪਣੀ ਨੌਕਰੀ ਗੁਆ ਕੇ ਭੁਗਤਣਾ ਪਿਆ।
ਅਕਤੂਬਰ 2026 ਵਿੱਚ ਏਸ਼ੀਆਈ ਖੇਡਾਂ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੇ ਸਰਵਰ ਦਾ ਇਕਰਾਰਨਾਮਾ ਅੱਗੇ ਨਹੀਂ ਵਧਾਇਆ ਅਤੇ ਉਨ੍ਹਾਂ ਦੇ ਸੁਭਾਅ ਦਾ ਹਵਾਲਾ ਦਿੰਦਿਆਂ ਡੇਵਿਡ ਹੈਮਪ ਨੂੰ ਨਵਾਂ ਮੁੱਖ ਕੋਚ ਨਿਯੁਕਤ ਕੀਤਾ। ਰਿਪੋਰਟਾਂ ਅਨੁਸਾਰ ਕੁੱਝ ਸੀਨੀਅਰ ਖਿਡਾਰਨਾਂ ਨੇ ਵੀ ਬੋਰਡ ਕੋਲ ਸਰਵਰ ਦੇ ਕੰਮ ਕਰਨ ਦੇ ਤਰੀਕੇ ਦੀ ਸ਼ਿਕਾਇਤ ਕੀਤੀ ਸੀ।
ਇੱਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਸਰਵਰ ਨੇ ਕਿਹਾ ਕਿ ਹੋਰ ਸਹਾਇਕ ਕੋਚ ਖਿਡਾਰਨਾਂ ਦੀ ਹਰ ਗੱਲ ਮੰਨ ਲੈਂਦੇ ਸਨ, ਜਿਸ ਨਾਲ ਟੀਮ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇੱਕ ਪੇਸ਼ੇਵਰ ਕੋਚ ਖਿਡਾਰੀਆਂ ਦਾ ਦੋਸਤ ਨਹੀਂ ਹੋ ਸਕਦਾ। ਉਨ੍ਹਾਂ ਦੋਸ਼ ਲਗਾਇਆ ਕਿ ਵਿਦੇਸ਼ੀ ਕੋਚ ਅਜਿਹੇ ਸਮਝੌਤੇ ਕਰਕੇ ਹੀ ਆਪਣੀ ਨੌਕਰੀ ਸੁਰੱਖਿਅਤ ਰੱਖਦੇ ਹਨ।