ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਗਏ ਦੂਜੇ ਵਨਡੇ ਮੈਚ ਵਿੱਚ ਡਕਵਰਥ ਲੁਈਸ (DLS) ਨਿਯਮ ਤਹਿਤ 4 ਦੌੜਾਂ ਨਾਲ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਲੜੀ ਵਿੱਚ 2-0 ਦੀ ਬੜ੍ਹਤ ਹਾਸਲ ਕਰ ਲਈ ਹੈ।
ਮੈਚ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੀਂਹ ਕਾਰਨ ਟਾਸ ਦੇਰ ਨਾਲ ਹੋਈ ਤੇ ਮੈਚ 47-47 ਓਵਰਾਂ ਦਾ ਕੀਤਾ ਗਿਆ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 41 ਓਵਰਾਂ 'ਚ ਆਲ ਆਊਟ ਹੋ ਕੇ 134 ਦੌੜਾਂ ਬਣਾਈਆਂ ਤੇ ਭਾਰਤ ਨੂੰ 135 ਦੌੜਾਂ ਦਾ ਟੀਚਾ ਦਿੱਤਾ।
135 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਦੀ ਸ਼ੁਰੂਆਤ ਬਹਤੁ ਖਰਾਬ ਰਹੀ। ਜਦੋਂ ਮੀਂਹ ਕਾਰਨ ਖੇਡ ਰੋਕਣੀ ਪਈ, ਉਦੋਂ ਤੱਕ ਟੀਮ ਇੰਡੀਆ ਨੇ 26 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 113 ਦੌੜਾਂ ਬਣਾ ਲਈਆਂ ਸਨ ਅਤੇ ਟੀਮ ਨੂੰ ਜਿੱਤ ਲਈ 22 ਦੌੜਾਂ ਦੀ ਹੋਰ ਲੋੜ ਸੀ। ਕਾਫੀ ਇੰਤਜ਼ਾਰ ਤੋਂ ਬਾਅਦ ਵੀ ਮੀਂਹ ਨਾ ਰੁਕਣ ਕਰਕੇ ਖੇਡ ਦੁਬਾਰਾ ਸ਼ੁਰੂ ਨਹੀਂ ਹੋ ਸਕੀ, ਜਿਸ ਤੋਂ ਬਾਅਦ ਡਕਵਰਥ ਲੁਈਸ ਨਿਯਮ ਦੇ ਆਧਾਰ 'ਤੇ ਭਾਰਤ ਨੂੰ 4 ਦੌੜਾਂ ਨਾਲ ਜੇਤੂ ਐਲਾਨਿਆ ਗਿਆ। ਇੱਕ ਸਮੇਂ ਨਿਊਜ਼ੀਲੈਂਡ ਦੀ ਟੀਮ ਜਿੱਤ ਦੀ ਆਸ ਲਗਾਈ ਬੈਠੀ ਸੀ, ਪਰ ਮੀਂਹ ਨੇ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਭਾਰਤ ਲਈ ਸਭ ਤੋਂ ਵੱਧ 30 ਦੌੜਾਂ ਸ਼੍ਰੇਅਸ ਅਈਅਰ ਨੇ ਬਣਾਈਆਂ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ 23 ਦੌੜਾਂ, ਕੇਐੱਲ ਰਾਹੁਲ ਨੇ ਅਜੇਤੂ 26 ਦੌੜਾਂ ਤੇ ਨਮਨ ਧੀਰ ਨੇ 12 ਦੌੜਾਂ ਬਣਾਈਆਂ ਸਨ।