ਨਵੀਂ ਦਿੱਲੀ : ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਅਗਸਤ ਦੇ ਪਹਿਲੇ ਪੰਦਰਵਾੜੇ ’ਚ ਭਾਰਤੀ ਸ਼ੇਅਰ ਬਾਜ਼ਾਰ ’ਚ ਲੱਗਭਗ 20,975 ਕਰੋੜ ਰੁਪਏ ਦੀ ਵਿਕਰੀ ਕੀਤੀ ਹੈ। ਅਮਰੀਕਾ-ਭਾਰਤ ਵਪਾਰ ਤਣਾਅ, ਕੰਪਨੀਆਂ ਦੇ ਪਹਿਲੀ ਤਿਮਾਹੀ ਦੇ ਉਮੀਦ ਤੋਂ ਕਮਜ਼ੋਰ ਨਤੀਜਿਆਂ ਅਤੇ ਰੁਪਏ ’ਚ ਗਿਰਾਵਟ ਵਿਚਾਲੇ ਐੱਫ. ਪੀ. ਆਈ. ਬਿਕਵਾਲ ਬਣੇ ਹੋਏ ਹਨ।
ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ, ਇਸ ਦੇ ਨਾਲ ਹੀ 2025 ’ਚ ਹੁਣ ਤੱਕ ਐੱਫ. ਪੀ. ਆਈ. ਭਾਰਤੀ ਸ਼ੇਅਰ ਬਾਜ਼ਾਰ ’ਚੋਂ ਕੁਲ 1.16 ਲੱਖ ਕਰੋੜ ਰੁਪਏ ਦੀ ਨਿਕਾਸੀ ਕਰ ਚੁੱਕੇ ਹਨ।
ਐੱਫ. ਪੀ. ਆਈ. ਦਾ ਰੁਖ ਅੱਗੇ ਟੈਰਿਫ ਮੋਰਚੇ ’ਤੇ ਗਤੀਵਿਧੀਆਂ ਨਾਲ ਤੈਅ ਹੋਵੇਗਾ। ਏਂਜਲ ਵਨ ਦੇ ਸੀਨੀਅਰ ਬੁਨਿਆਦੀ ਵਿਸ਼ਲੇਸ਼ਕ (ਸੀ. ਐੱਫ. ਏ.) ਵਕਾਰਜਾਵੇਦ ਖਾਨ ਨੇ ਕਿਹਾ ਕਿ ਅਮਰੀਕਾ ਅਤੇ ਰੂਸ ਵਿਚਾਲੇ ਤਣਾਅ ’ਚ ਹਾਲੀਆ ਕਮੀ ਅਤੇ ਨਵੀਆਂ ਪਾਬੰਦੀਆਂ ਨਾ ਲੱਗਣ ਦੀ ਵਜ੍ਹਾ ਨਾਲ ਪ੍ਰਤੀਤ ਹੁੰਦਾ ਹੈ ਕਿ ਭਾਰਤ ’ਤੇ ਪ੍ਰਸਤਾਵਿਤ 25 ਫੀਸਦੀ ਦਾ ਵਾਧੂ ਟੈਰਿਫ (ਸੈਕੰਡਰੀ ਟੈਰਿਫ) 27 ਅਗਸਤ ਤੋਂ ਬਾਅਦ ਲਾਗੂ ਹੋਣ ਦੀ ਸੰਭਾਵਨਾ ਨਹੀਂ ਹੈ। ਇਹ ਬਾਜ਼ਾਰ ਲਈ ਸਪੱਸ਼ਟ ਤੌਰ ’ਤੇ ਸਾਕਾਰਾਤਮਕ ਸੰਕੇਤ ਹੈ।