ਪੰਚਕੂਲਾ : ਹਰਿਆਣਾ ਦੇ ਪੰਚਕੂਲਾ 'ਚ ਵਿਸ਼ਵ ਮਧੂਮੱਖੀ ਦਿਵਸ ਮੌਕੇ ਆਯੋਜਿਤ ਪ੍ਰੋਗਰਾਮ 'ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਧੂਮੱਖੀ ਪਾਲਕਾਂ ਨੂੰ ਪ੍ਰੋਤਸਾਹਨ ਰਾਸ਼ੀ ਵੰਡੀ। ਨਾਇਬ ਸੈਣੀ ਨੇ ਕਿਹਾ ਕਿ ਜੇਕਰ ਮਧੂਮੱਖੀਆਂ ਖ਼ਤਮ ਹੋ ਜਾਣ ਤਾਂ ਮਨੁੱਖੀ ਜੀਵਨ ਵੀ ਖ਼ਤਰੇ 'ਚ ਪੈ ਜਾਵੇਗਾ। ਮਧੂਮੱਖੀ ਪਾਲਣ ਧਰਤੀ 'ਤੇ ਜੀਵਨ ਬਚਾਉਣ ਦੀ ਇਕ ਮਹਾਨ ਕੋਸ਼ਿਸ਼ ਹੈ। ਉਨ੍ਹਾਂ ਦੱਸਿਆ ਕਿ ਦੁਨੀਆ ਨੂੰ ਇਸ ਦੇ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ 20 ਮਈ ਨੂੰ ਵਿਸ਼ਵ ਮਧੂਮੱਖੀ ਦਿਵਸ ਮਨਾਇਆ ਜਾਂਦਾ ਹੈ। ਮਧੂਮੱਖੀਆਂ ਸਿਰਫ਼ ਸ਼ਹਿਦ ਹੀ ਨਹੀਂ ਦਿੰਦੀ ਸਗੋਂ ਖੇਤੀ, ਵਾਤਾਵਰਣ ਅਤੇ ਮਨੁੱਖੀ ਜੀਵਨ ਲਈ ਵੀ ਬੇਹੱਦ ਜ਼ਰੂਰੀ ਹੈ। ਵੇਦ, ਪੁਰਾਣ ਅਤੇ ਭਾਰਤੀ ਸੱਭਿਆਚਾਰ 'ਚ ਵੀ ਮਧੂ ਅਤੇ ਮੱਖੀਆਂ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੀਟਨਾਸ਼ਕਾਂ ਦੇ ਵਧਕੇ ਪ੍ਰਯੋਗ, ਪ੍ਰਦੂਸ਼ਣ, ਜੰਗਲਾਂ ਦੀ ਕਟਾਈ ਅਤੇ ਜਲਵਾਯੂ ਪਰਿਵਰਤਨ ਕਾਰਨ ਮਧੂਮੱਖੀਆਂ ਦੀ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ।
ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਦੇ ਨਾਲ ਮਧੂਮੱਖੀਆਂ ਪਾਲਣ ਅਪਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਘੱਟ ਲਾਗਤ ਅਤੇ ਘੱਟ ਸਰੋਤਾਂ 'ਚ ਸ਼ੁਰੂ ਹੋਣ ਵਾਲਾ ਇਹ ਵਪਾਰ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੁਰੂਕੁਸ਼ੇਤਰ ਦੇ ਰਾਮਨਗਰ 'ਚ ਇਜ਼ਰਾਇਲੀ ਤਕਨੀਕ 'ਤੇ ਆਧਾਰਤ ਏਕੀਕ੍ਰਿਤ ਮਧੂਮੱਖੀ ਪਾਲਣ ਵਿਕਾਸ ਕੇਂਦਰ ਅਤੇ ਸ਼ਹਿਦ ਪਵਾਰ ਕੇਂਦਰ ਸਥਾਪਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ 12 ਸਾਲ ਪਹਿਲਾਂ ਦੇਸ਼ 'ਚ 76 ਹਜ਼ਾਰ ਟਨ ਸ਼ਹਿਦ ਦਾ ਉਤਪਾਦਨ ਹੁੰਦਾ ਸੀ, ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸ਼ੁਰੂ ਕੀਤੇ ਗਏ ਨੈਸ਼ਨਲ ਬੀ ਕੀਪਿੰਗ ਐਡ ਹਨੀ ਮਿਸ਼ਨ ਤੋਂ ਬਾਅਦ ਸਾਲ 2024-25 'ਚ ਇਕ ਲੱਖ ਟਨ ਸ਼ਹਿਦ ਦਾ ਨਿਰਯਾਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਸਾਲ 2021 'ਚ ਮਧੂਮੱਖੀ ਪਾਲਣ ਨੀਤੀ ਲਾਗੂ ਕੀਤੀ ਸੀ। ਇਸ ਦੇ ਅਧੀਨ ਸਾਲ 2030 ਤੱਕ ਮਧੂਮੱਖੀ ਪਾਲਕਾਂ ਦੀ ਗਿਣਤੀ 7750 ਅਤੇ ਸ਼ਹਿਦ ਉਤਪਾਦਨ 15500 ਟਨ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ। ਸਰਕਾਰ ਵਲੋਂ ਮਧੂਮੱਖੀਆਂ ਦੇ ਬਕਸਿਆਂ, ਕਾਲੋਨੀ ਅਤੇ ਉਪਕਰਣਾਂ 'ਤ 85 ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਨਾਲ ਹੀ ਮਧੂਮੱਖੀ ਪਾਲਣ ਨੂੰ ਮੁੱਖ ਮੰਤਰੀ ਬਾਗਬਾਨੀ ਬੀਮਾ ਯੋਜਨਾ ਅਤੇ ਭਾਵੰਤਰ ਭਰਪਾਈ ਯੋਜਨਾ 'ਚ ਵੀ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਪ੍ਰੋਗਰਾਮ 'ਚ 30 ਕਿਸਾਨਾਂ ਨੂੰ ਭਾਵੰਤਰ ਯੋਜਨਾ ਦੇ ਅਧੀਨ ਇਕ ਕਰੋੜ 2 ਲੱਖ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਜਾਰੀ ਕੀਤੀ। ਉਨ੍ਹਾਂ ਦੱਸਿਆ ਕਿ ਨੈਸ਼ਨਲ ਮਧੂ ਕ੍ਰਾਂਤੀ ਪੋਰਟਲ 'ਤੇ ਹਰਿਆਣਾ ਦੇ 3000 ਤੋਂ ਵੱਧ ਮਧੂਮੱਖੀ ਪਾਲਕ ਰਜਿਸਟਰਡ ਹਨ।