ਅੱਜ ਹਰਿਆਣਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਸੀ, ਜਿੱਥੋਂ ਦੇ ਪੰਚਕੂਲਾ 'ਚ ਇਕ ਪਰਿਵਾਰ ਦੇ 7 ਮੈਂਬਰਾਂ ਦੀ ਜ਼ਹਿਰੀਲੀ ਚੀਜ਼ ਨਿਗਲ ਲੈਣ ਕਾਰਨ ਮੌਤ ਹੋ ਗਈ ਸੀ। ਇਨ੍ਹਾਂ 'ਚੋਂ 6 ਦੀਆਂ ਲਾਸ਼ਾਂ ਕਾਰ 'ਚੋਂ ਮਿਲੀਆਂ ਸਨ, ਜਦਕਿ 7ਵੇਂ ਵਿਅਕਤੀ ਦੀ ਮੌਤ ਹਸਪਤਾਲ ਜਾਂਦੇ ਸਮੇਂ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਕਿਸੇ ਧਾਰਮਿਕ ਸਮਾਗਮ ਤੋਂ ਵਾਪਸ ਆ ਰਿਹਾ ਸੀ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਦੇ ਪੰਚਕੂਲਾ ਵਿੱਚ ਇੱਕ ਕਾਰ ਦੇ ਅੰਦਰ ਇੱਕ ਪਰਿਵਾਰ ਦੇ ਛੇ ਮੈਂਬਰ ਮ੍ਰਿਤਕ ਪਾਏ ਗਏ, ਜਿਨ੍ਹਾਂ ਵਿੱਚੋਂ ਤਿੰਨ ਬੱਚੇ ਸਨ, ਜਦੋਂ ਕਿ ਇੱਕ ਹੋਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਉਨ੍ਹਾਂ ਅੱਗੇ ਦੱਸਿਆ ਕਿ ਬੀਤੀ ਦੇਰ ਰਾਤ ਇੱਕ ਰਾਹਗੀਰ ਨੇ ਇਸ ਪਰਿਵਾਰ ਦੀ ਕਾਰ ਨੂੰ ਦੇਖਿਆ, ਜਿਸ ਨੇ ਇਕ ਪਰਿਵਾਰਕ ਮੈਂਬਰ ਨਾਲ ਕੁਝ ਗੱਲਬਾਤ ਵੀ ਕੀਤੀ, ਜਿਸ ਦੀ ਕੁਝ ਦੇਰ ਬਾਅਦ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਪ੍ਰਵੀਨ ਮਿੱਤਲ (41), ਉਸ ਦੀ ਪਤਨੀ, ਦੋ ਧੀਆਂ, ਇਕ ਪੁੱਤਰ ਅਤੇ ਉਸ ਦੇ ਮਾਤਾ-ਪਿਤਾ ਵਜੋਂ ਹੋਈ ਹੈ। ਦੇਹਰਾਦੂਨ ਰਜਿਸਟ੍ਰੇਸ਼ਨ ਪਲੇਟ ਵਾਲੀ ਕਾਰ ਪੰਚਕੂਲਾ ਦੇ ਸੈਕਟਰ 27 ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਸੜਕ ਕਿਨਾਰੇ ਖੜ੍ਹੀ ਮਿਲੀ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇਕ ਸਥਾਨਕ ਵਿਅਕਤੀ ਹਰੀਸ਼ ਰਾਣਾ ਨੇ ਦੱਸਿਆ ਕਿ ਉਹ ਬਾਹਰ ਸੈਰ ਕਰ ਰਿਹਾ ਸੀ ਤਾਂ ਉਸ ਨੇ ਬੀਤੀ ਰਾਤ ਕਰੀਬ 10 ਵਜੇ ਇਕ ਕਾਰ ਦੇਖੀ, ਜਿਸ ਦੇ ਦਰਵਾਜ਼ੇ ਤੋਂ ਇੱਕ ਤੌਲੀਆ ਲਟਕ ਰਿਹਾ ਸੀ।
ਉਸ ਨੇ ਕਿਹਾ ਕਿ ਉਸ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਕਾਰ 'ਚ ਮੌਜੂਦ ਵਿਅਕਤੀ ਨੇ ਉਸ ਨੂੰ ਦੱਸਿਆ ਕਿ ਇਹ ਉਸ ਦਾ ਪਰਿਵਾਰ ਹੈ ਤੇ ਉਹ ਪੰਚਕੂਲਾ ਵਿੱਚ ਬਾਗੇਸ਼ਵਰ ਧਾਮ ਦੇ ਇੱਕ ਸਮਾਗਮ ਤੋਂ ਵਾਪਸ ਆ ਰਹੇ ਸਨ, ਪਰ ਉਨ੍ਹਾਂ ਨੂੰ ਹੋਟਲ ਦਾ ਕਮਰਾ ਨਹੀਂ ਮਿਲ ਰਿਹਾ ਸੀ, ਇਸ ਲਈ ਉਹ ਅਤੇ ਉਸ ਦਾ ਪਰਿਵਾਰ ਕਾਰ ਵਿੱਚ ਸੌਂ ਰਹੇ ਸਨ।
ਰਾਣਾ ਨੇ ਕਿਹਾ ਕਿ ਜਦੋਂ ਉਸ ਨੇ ਕਾਰ ਦੀਆਂ ਪਿਛਲੀਆਂ ਸੀਟਾਂ ਵੱਲ ਨਿਗ੍ਹਾ ਮਾਰੀ ਤਾਂ ਦੇਖਿਆ ਕਿ ਉਸ 'ਚ 6 ਲੋਕ ਬੈਠੇ ਸਨ, ਜਿਨ੍ਹਾਂ ਦੇ ਮੂੰਹ 'ਚੋਂ ਉਲਟੀ ਨਿਕਲ ਰਹੀ ਸੀ ਤੇ ਉਸ ਨਾਲ ਗੱਲ ਕਰਨ ਵਾਲਾ 7ਵਾਂ ਆਦਮੀ ਵੀ ਮੁਸ਼ਕਲ ਨਾਲ ਸਾਹ ਲੈ ਰਿਹਾ ਸੀ। ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਕਾਰ ਸਵਾਰ ਵਿਅਕਤੀ ਨੂੰ ਕਾਰ 'ਚੋਂ ਬਾਹਰ ਨਿਕਲਣ 'ਚ ਮਦਦ ਕੀਤੀ ਤੇ ਉਸ ਨੂੰ ਪਾਣੀ ਪਿਲਾਇਆ। ਇਸ ਮਗਰੋਂ ਹਰੀਸ਼ ਨੇ ਉਸ ਵਿਅਕਤੀ ਨੂੰ ਪੁੱਛਿਆ ਕਿ ਕੀ ਬਾਕੀ ਪਰਿਵਾਰ ਨੂੰ ਉਸ ਨੇ ਮਾਰਿਆ ਹੈ ? ਤਾਂ ਉਸ ਨੇ ਜਵਾਬ ਦਿੱਤਾ ਕਿ ਉਸ ਦੇ ਸਾਰੇ ਪਰਿਵਾਰਕ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਉਹ ਵੀ ਪੰਜ ਮਿੰਟਾਂ ਵਿੱਚ ਮਰਨ ਵਾਲਾ ਹੈ। ਇਹ ਕਹਿ ਕੇ ਉਹ ਡਿੱਗ ਗਿਆ।
ਡਿੱਗਣ ਤੋਂ ਪਹਿਲਾਂ ਉਸ ਨੇ ਦੱਸਿਆ ਕਿ ਉਸ ਦੇ ਸਿਰ 'ਤੇ ਕਾਫ਼ੀ ਕਰਜ਼ਾ ਹੈ। ਉਸ ਦੇ ਰਿਸ਼ਤੇਦਾਰ ਕਾਫ਼ੀ ਪੈਸੇ ਵਾਲੇ ਹਨ, ਪਰ ਕੋਈ ਉਸ ਦੀ ਮਦਦ ਨਹੀਂ ਕਰ ਰਿਹਾ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਇਸ ਦੌਰਾਨ ਉੱਥੇ ਭੀੜ ਇਕੱਠੀ ਹੋ ਗਈ ਤੇ ਕਿਸੇ ਨੇ ਪੁਲਸ ਨੂੰ ਤੇ ਐਂਬੁਲੈਂਸ ਨੂੰ ਸੂਚਿਤ ਕੀਤਾ, ਜਿਸ ਨੂੰ ਪਹੁੰਚਣ 'ਚ ਕੁਝ ਸਮਾਂ ਲੱਗ ਗਿਆ ਤੇ ਉਸ ਦੀ ਵੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਪ੍ਰਵੀਨ ਮਿੱਤਲ 'ਤੇ 15-20 ਕਰੋੜ ਰੁਪਏ ਦਾ ਕਰਜ਼ਾ ਸੀ, ਜਿਸ ਦੀ ਵਸੂਲੀ ਲਈ ਬੈਂਕ ਉਸ ਦੇ ਪਿੱਛੇ ਪਈ ਸੀ। ਇਸ ਦੌਰਾਨ ਉਸ ਦੀ ਜੋ ਵੀ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਸੀ, ਉਸ ਨੂੰ ਜ਼ਬਤ ਕਰ ਲਿਆ ਗਿਆ। ਜਦੋਂ ਕਰਜ਼ਾ ਚੁਕਾਉਣ ਲਈ ਉਸ ਕੋਲ ਕੋਈ ਰਾਹ ਨਾ ਬਚਿਆ ਤਾਂ ਅੰਤ ਉਸ ਨੇ ਇਹ ਕਦਮ ਚੁੱਕ ਲਿਆ ਤੇ ਆਪਣੇ ਸਣੇ ਪੂਰੇ ਪਰਿਵਾਰ ਦੀ ਜੀਵਨਲੀਲਾ ਸਮਾਪਤ ਕਰ ਦਿੱਤੀ।