ਪਾਣੀਪਤ : ਹਰਿਆਣਾ ਦੀ ਮਸ਼ਹੂਰ ਮਾਡਲ ਸ਼ੀਤਲ ਉਰਫ਼ ਸਿੰਮੀ ਚੌਧਰੀ ਦੇ ਕਤਲ ਮਾਮਲੇ ਵਿਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਸ ਨੇ ਇਸ ਮਾਮਲੇ 'ਚ ਸ਼ੀਤਲ ਦੇ ਪ੍ਰੇਮੀ ਸੁਨੀਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਸ਼ੁਰੂਆਤੀ ਪੁੱਛਗਿੱਛ ਵਿੱਚ ਕਬੂਲ ਕੀਤਾ ਕਿ ਉਸਨੇ ਹੀ ਸ਼ੀਤਲ ਦਾ ਚਾਕੂ ਮਾਰ ਕੇ ਕਤਲ ਕੀਤਾ ਹੈ।
ਕਤਲ ਨੂੰ ਹਾਦਸਾ ਦਿਖਾਉਣ ਦੀ ਕੋਸ਼ਿਸ਼
ਸੁਨੀਲ ਨੇ ਕਤਲ ਨੂੰ ਹਾਦਸਾ ਦਿਖਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਆਪਣੀ ਆਈ-20 ਕਾਰ ਨੂੰ ਪਾਣੀਪਤ ਦੇ ਵੀਰਾਟ ਨਗਰ ਫੇਜ਼-3 ਨੇੜੇ ਦਿੱਲੀ ਪੈਰਲੇਲ ਨਹਿਰ 'ਚ ਸੁੱਟ ਦਿੱਤਾ ਅਤੇ ਖੁਦ ਡੁੱਬਣ ਦਾ ਨਾਟਕ ਕਰਕੇ ਤੈਰ ਕੇ ਬਾਹਰ ਆ ਗਿਆ। ਲੋਕਾਂ ਨੇ ਉਸ ਨੂੰ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ।
ਪਰਿਵਾਰ ਅਤੇ ਪਿੱਛੋਕੜ
ਸ਼ੀਤਲ ਪਾਣੀਪਤ ਦੀ ਸਤਕਰਤਾਰ ਕਾਲੋਨੀ ਵਿੱਚ ਆਪਣੀ ਭੈਣ ਨਾਲ ਰਹਿੰਦੀ ਸੀ। ਉਹ 14 ਜੂਨ ਨੂੰ 'ਸ਼ੂਟਿੰਗ' ਲਈ ਘਰੋਂ ਨਿਕਲੀ ਸੀ, ਪਰ ਵਾਪਸ ਨਹੀਂ ਆਈ। ਇਸ ਤੋਂ ਬਾਅਦ, ਪਰਿਵਾਰ ਨੇ ਪਾਣੀਪਤ ਪੁਲਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਮ੍ਰਿਤਕਾ ਦੀ ਭੈਣ ਨੇਹਾ ਮੁਤਾਬਕ ਸ਼ੀਤਲ ਵਿਆਹੀ ਹੋਈ ਸੀ ਅਤੇ ਇਕ ਬੇਟੇ ਦੀ ਮਾਂ ਸੀ ਪਰ ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਅਤੇ ਉਸ ਬੇਟਾ ਆਪਣੇ ਪਿਤਾ ਕੋਲ ਰਹਿ ਰਿਹਾ ਸੀ। ਸ਼ੀਤਲ ਦੀ ਦੋਸਤੀ ਕੁਝ ਸਮਾਂ ਪਹਿਲਾਂ ਸੁਨੀਲ ਨਾਲ ਹੋਈ ਸੀ। ਬਾਅਦ ਵਿੱਚ ਪਤਾ ਲੱਗਾ ਕਿ ਸੁਨੀਲ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸ ਦੇ ਬੱਚੇ ਵੀ ਹਨ। ਉਹ ਸ਼ੀਤਲ ਉੱਤੇ ਵਿਆਹ ਦਾ ਦਬਾਅ ਬਣਾ ਰਿਹਾ ਸੀ, ਜਿਸ ਕਾਰਨ ਸ਼ੀਤਲ ਨੇ ਉਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਇਸੇ ਗੱਲ ਤੋਂ ਸੁਨੀਲ ਨਾਰਾਜ਼ ਸੀ, ਜਿਸ ਕਾਰਨ ਉਸ ਨੇ ਸ਼ੀਤਲ ਦਾ ਕਤਲ ਕਰ ਦਿੱਤਾ।
ਆਖ਼ਰੀ ਸੰਪਰਕ
ਭੈਣ ਨੇਹਾ ਨੇ ਦੱਸਿਆ ਕਿ ਸ਼ੀਤਲ ਨਾਲ ਆਖ਼ਰੀ ਵਾਰ ਰਾਤ 11 ਵਜੇ ਵੀਡੀਓ ਕਾਲ 'ਤੇ ਗੱਲ ਹੋਈ ਸੀ, ਜਦੋਂ ਉਸਨੇ ਦੱਸਿਆ ਕਿ ਸੁਨੀਲ ਉਸ ਨੂੰ ਕੁੱਟ ਰਿਹਾ ਹੈ। ਇਸ ਤੋਂ ਕੁੱਝ ਸਮੇਂ ਬਾਅਦ ਫੋਨ ਕੱਟਿਆ ਗਿਆ ਅਤੇ ਫਿਰ ਫੋਨ ਬੰਦ ਹੋ ਗਿਆ।
ਪੁਲਸ ਕਾਰਵਾਈ
ਪੁਲਸ ਨੇ ਸੋਮਵਾਰ ਨੂੰ ਸੁਨੀਲ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਸ਼ੀਤਲ ਦਾ ਪੋਸਟਮਾਰਟਮ ਪੀ.ਜੀ.ਆਈ. ਖਾਨਪੁਰ ਵਿੱਚ ਕਰਵਾਇਆ ਗਿਆ ਅਤੇ ਬਾਅਦ ਵਿੱਚ ਕਿਸ਼ਨਪੁਰਾ ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਇਸ ਕਤਲਕਾਂਡ ਨਾਲ ਜੁੜੀ ਇਕ ਸੀਸੀਟੀਵੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਕੁੜੀ-ਮੁੰਡਾ ਗੱਡੀ 'ਚ ਬੈਠਦੇ ਦਿੱਖ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੋਵੇਂ ਸੁਨੀਲ ਅਤੇ ਸ਼ੀਤਲ ਹਨ।