ਯਮੁਨਾਨਗਰ : ਹਰਿਆਣਾ ਦੇ ਯਮੁਨਾਨਗਰ ਸਥਿਤ ਪਿੰਡ ਸਲੇਮਪੁਰ 'ਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਕ ਘਰ 'ਚ ਐਲ.ਪੀ.ਜੀ. ਸਿਲੰਡਰ ਫਟਣ ਕਾਰਨ 4 ਬੱਚਿਆਂ ਅਤੇ 2 ਔਰਤਾਂ ਸਮੇਤ ਕੁੱਲ 10 ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵੱਡੇ ਸਿਲੰਡਰ 'ਚੋਂ ਛੋਟੇ ਸਿਲੰਡਰ 'ਚ ਗੈਸ ਭਰੀ ਜਾ ਰਹੀ ਸੀ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀਆਂ ਕੰਧਾਂ ਢਹਿ ਗਈਆਂ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਕਰੀਬ 8 ਵਜੇ ਵਾਪਰੀ। ਗੈਸ ਟ੍ਰਾਂਸਫਰ ਕਰਨ ਦੌਰਾਨ ਹੋਏ ਧਮਾਕੇ ਨਾਲ ਪੂਰੇ ਘਰ 'ਚ ਅੱਗ ਫੈਲ ਗਈ, ਜਿਸ ਦੀ ਲਪੇਟ 'ਚ ਉੱਥੇ ਮੌਜੂਦ ਲੋਕ ਆ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀਆਂ ਕੰਧਾਂ ਡਿੱਗ ਗਈਆਂ ਅਤੇ ਛੱਤ (ਲੈਂਟਰ) ਵਿੱਚ ਵੀ ਤਰੇੜਾਂ ਆ ਗਈਆਂ। ਜ਼ਖ਼ਮੀਆਂ ਵਿੱਚ ਇੱਕ ਗਰਭਵਤੀ ਔਰਤ ਵੀ ਸ਼ਾਮਲ ਦੱਸੀ ਜਾ ਰਹੀ ਹੈ।
ਪ੍ਰਵਾਸੀ ਮਜ਼ਦੂਰਾਂ ਦਾ ਪਰਿਵਾਰ ਹੋਇਆ ਹਾਦਸੇ ਦਾ ਸ਼ਿਕਾਰ
ਦੱਸਿਆ ਜਾ ਰਿਹਾ ਹੈ ਕਿ ਸਾਰੇ ਜ਼ਖ਼ਮੀ ਇਕ ਪ੍ਰਵਾਸੀ ਪਰਿਵਾਰ ਨਾਲ ਸਬੰਧਤ ਹਨ। ਹਾਦਸੇ ਦੇ ਸਮੇਂ ਕਮਰੇ 'ਚ ਦੋ ਹੋਰ ਭਰੇ ਹੋਏ ਸਿਲੰਡਰ ਵੀ ਮੌਜੂਦ ਸਨ, ਪਰ ਖੁਸ਼ਕਿਸਮਤੀ ਨਾਲ ਉਹ ਧਮਾਕੇ ਦੀ ਲਪੇਟ 'ਚ ਨਹੀਂ ਆਏ, ਨਹੀਂ ਤਾਂ ਨੁਕਸਾਨ ਹੋਰ ਵੀ ਭਿਆਨਕ ਹੋ ਸਕਦਾ ਸੀ। ਚਸ਼ਮਦੀਦਾਂ ਮੁਤਾਬਕ ਹਾਦਸੇ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਕਈ ਹੋਰ ਲੋਕ ਕਮਰੇ 'ਚੋਂ ਫੈਕਟਰੀ 'ਚ ਕੰਮ ਕਰਨ ਲਈ ਚਲੇ ਗਏ ਸਨ, ਜਿਸ ਕਾਰਨ ਇਕ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ।
ਹਸਪਤਾਲ 'ਚ ਇਲਾਜ ਜਾਰੀ
ਘਟਨਾ ਦੀ ਸੂਚਨਾ ਮਿਲਦੇ ਹੀ ਐਂਬੂਲੈਂਸ ਮੌਕੇ 'ਤੇ ਪਹੁੰਚੀ ਅਤੇ ਸਾਰੇ ਜ਼ਖ਼ਮੀਆਂ ਨੂੰ ਜਗਾਧਰੀ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਕਈਆਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁੱਢਲੀ ਜਾਂਚ 'ਚ ਹਾਦਸੇ ਦਾ ਕਾਰਨ ਲਾਪਰਵਾਹੀ ਮੰਨਿਆ ਜਾ ਰਿਹਾ ਹੈ।