ਚੰਡੀਗੜ੍ਹ : ਸਕੂਲੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਕਿੱਤਾਮੁਖੀ ਹੁਨਰਾਂ ਨਾਲ ਜੋੜਨ ਲਈ ਸੈਕਟਰ-10 ਸਥਿਤ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੋ ਨਵੀਆਂ ਲੈਬਾਂ ਸ਼ੁਰੂ ਕੀਤੀਆਂ ਗਈਆਂ ਹਨ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਬੁੱਧਵਾਰ ਨੂੰ ਫਰੰਟ ਆਫਿਸ ਲੈਬ ਅਤੇ ਫੂਡ ਪ੍ਰੋਡਕਸ਼ਨ ਲੈਬ ਦਾ ਉਦਘਾਟਨ ਕੀਤਾ। ਇਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਫਰੰਟ ਆਫਿਸ ਸੰਚਾਲਨ, ਖਾਣਾ ਤਿਆਰ ਕਰਨ, ਪੋਸ਼ਣ ਅਤੇ ਖੁਰਾਕ ਵਿਗਿਆਨ ਦੀ ਵਿਹਾਰਕ ਸਿਖਲਾਈ ਦਿੱਤੀ ਜਾਵੇਗੀ। ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਰੁਜ਼ਗਾਰ ਦੇ ਯੋਗ ਬਣਾਉਣਾ ਹੈ। ਇਸ ਮੌਕੇ ਕਟਾਰੀਆ ਨੇ ਵਿਦਿਆਰਥੀਆਂ ਨੂੰ ਘਰ ਦੇ ਕੰਮਾਂ ਵਿੱਚ ਪਰਿਵਾਰ ਦਾ ਹੱਥ ਵਟਾਉਣ ਅਤੇ ਰੋਜ਼ਾਨਾ ਦੇ ਕੰਮਾਂ ਤੋਂ ਸਿੱਖਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਇਸ ਨਾਲ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਹੁੰਦੀ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਕਿਤਾਬਾਂ, ਕਲਾ ਤੇ ਤਕਨਾਲੋਜੀ ਵਰਗੀਆਂ ਸਕਾਰਾਤਮਕ ਗਤੀਵਿਧੀਆਂ ਨਾਲ ਜੁੜਨ ਦੀ ਅਪੀਲ ਕੀਤੀ। ਇਸ ਦੌਰਾਨ ਪ੍ਰਸ਼ਾਸਕ ਨੇ ਰਾਜ ਪੱਧਰੀ ਸਮਾਵੇਸ਼ੀ ਥੀਏਟਰ ਉਤਸਵ-2026 ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। 12 ਤੋਂ 14 ਅਕਤੂਬਰ ਤੱਕ ਸੈਕਟਰ-18 ਵਿੱਚ ਕਰਵਾਏ ਗਏ ਇਸ ਉਤਸਵ ਵਿੱਚ 20 ਕਲੱਸਟਰ ਸਕੂਲਾਂ ਦੇ ਲਗਭਗ 300 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।
ਕਲੱਸਟਰ-13 ਨੇ ਪਹਿਲਾ, ਕਲੱਸਟਰ-19 ਨੇ ਦੂਜਾ ਅਤੇ ਕਲੱਸਟਰ-11 ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਟੀਮ 18 ਨਵੰਬਰ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੇ ਖੇਤਰੀ ਮੁਕਾਬਲੇ ਵਿੱਚ ਸ਼ਹਿਰ ਦੀ ਨੁਮਾਇੰਦਗੀ ਕਰੇਗੀ ਅਤੇ ਇਸ ਤੋਂ ਬਾਅਦ 3 ਦਸੰਬਰ ਨੂੰ ਦਿੱਲੀ ਵਿੱਚ ਕੌਮੀ ਪੱਧਰ ਦੇ ਉਤਸਵ ਵਿੱਚ ਹਿੱਸਾ ਲਵੇਗੀ। ਕਟਾਰੀਆ ਨੇ ਸਕੂਲ ਵਿੱਚ ਤਲਵਾਰਬਾਜ਼ੀ ਦੀ ਪੇਸ਼ਕਾਰੀ ਵੀ ਦੇਖੀ ਅਤੇ ਅਟਲ ਟਿੰਕਰਿੰਗ ਲੈਬ ਦਾ ਦੌਰਾ ਕਰਕੇ ਵਿਦਿਆਰਥੀਆਂ ਦੇ ਨਵੇਂ ਤਜਰਬਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਿੱਖਿਆ ਸਕੱਤਰ ਪ੍ਰੇਰਣਾ ਪੁਰੀ, ਨਿਰਦੇਸ਼ਕ ਸਕੂਲ ਸਿੱਖਿਆ ਨਿਤਿਸ਼ ਸਿੰਗਲਾ ਸਮੇਤ ਹੋਰ ਅਧਿਕਾਰੀ ਅਤੇ ਅਧਿਆਪਕ ਮੌਜੂਦ ਸਨ।