ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੀ-20 ਮੈਚ ਵਿੱਚ 4 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਟੀਮ ਇੰਡੀਆ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਭਾਰਤੀ ਟੀਮ ਦੇ ਫਾਰਮ 'ਚ ਚੱਲ ਰਹੇ ਬੱਲੇਬਾਜ਼ ਈਸ਼ਾਨ ਕਿਸ਼ਨ ਪਹਿਲੇ ਟੀ-20 ਮੈਚ ਦੌਰਾਨ ਸੱਟ ਲੱਗਣ ਕਾਰਨ ਦੂਜੇ ਮੈਚ ਤੋਂ ਬਾਹਰ ਹੋ ਗਏ ਹਨ। ਇਸ ਸੱਟ ਕਾਰਨ ਸ਼ਨੀਵਾਰ, 24 ਅਕਤੂਬਰ ਨੂੰ ਹੋਣ ਵਾਲੇ ਦੂਜੇ ਟੀ-20 ਮੈਚ ਵਿੱਚ ਉਨ੍ਹਾਂ ਦਾ ਖੇਡਣਾ ਲਗਭਗ ਅਸੰਭਵ ਮੰਨਿਆ ਜਾ ਰਿਹਾ ਹੈ।
ਟੀਮ ਇੰਡੀਆ ਦੇ ਬੱਲੇਬਾਜ਼ੀ ਕੋਚ ਸਿਤਾਂਸ਼ੂ ਕੋਟਕ ਨੇ ਜਾਣਕਾਰੀ ਦਿੱਤੀ ਕਿ ਈਸ਼ਾਨ ਕਿਸ਼ਨ ਗ੍ਰੋਇਨ ਇੰਜਰੀ ਤੋਂ ਪਰੇਸ਼ਾਨ ਸਨ, ਜਿਸ ਕਰ ਕੇ ਪਹਿਲੇ ਮੈਚ ਵਿੱਚ ਉਨ੍ਹਾਂ ਦੇ ਬੱਲੇਬਾਜ਼ੀ ਕ੍ਰਮ ਵਿੱਚ ਬਦਲਾਅ ਕਰਕੇ ਤਿਲਕ ਵਰਮਾ ਨੂੰ ਅੱਗੇ ਭੇਜਿਆ ਗਿਆ ਸੀ ਤੇ ਈਸ਼ਾਨ ਨੂੰ ਬੱਲੇਬਾਜ਼ੀ ਲਈ ਦੇਰ ਨਾਲ ਮੈਦਾਨ ਵਿੱਚ ਉਤਾਰਿਆ ਗਿਆ। ਉੱਥੇ ਹੀ, ਬੀਸੀਸੀਆਈ ਨੇ ਅਪਡੇਟ ਦਿੰਦਿਆਂ ਦੱਸਿਆ ਕਿ ਪਹਿਲੇ ਟੀ-20 ਮੈਚ ਦੌਰਾਨ ਈਸ਼ਾਨ ਦੀ ਸੱਜੀ ਪੱਟ ਵਿੱਚ ਹਲਕਾ ਖਿਚਾਅ ਆ ਗਿਆ ਸੀ। ਇਸ ਕਾਰਨ ਉਹ ਦੂਜੇ ਮੈਚ ਤੋਂ ਬਾਹਰ ਹੋ ਗਏ ਹਨ ਅਤੇ ਬੋਰਡ ਦੀ ਮੈਡੀਕਲ ਟੀਮ ਲਗਾਤਾਰ ਉਨ੍ਹਾਂ ਦੀ ਸੱਟ 'ਤੇ ਨਜ਼ਰ ਰੱਖ ਰਹੀ ਹੈ।
ਕੋਚ ਕੋਟਕ ਅਨੁਸਾਰ ਜੇਕਰ ਈਸ਼ਾਨ ਕਿਸ਼ਨ ਨਹੀਂ ਖੇਡਦੇ, ਤਾਂ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਨੂੰ ਪਲੇਇੰਗ ਇਲੈਵਨ ਵਿੱਚ ਮੌਕਾ ਮਿਲਣ ਦੀ ਪੂਰੀ ਸੰਭਾਵਨਾ ਹੈ। ਈਸ਼ਾਨ ਕਿਸ਼ਨ ਆਮ ਤੌਰ 'ਤੇ ਨੰਬਰ 3 'ਤੇ ਬੱਲੇਬਾਜ਼ੀ ਕਰਦੇ ਹਨ, ਪਰ ਵੈਭਵ ਦੇ ਟੀਮ ਵਿੱਚ ਸ਼ਾਮਲ ਹੋਣ ਨਾਲ ਬੱਲੇਬਾਜ਼ੀ ਕ੍ਰਮ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ। ਵੈਭਵ ਦੇ ਓਪਨਿੰਗ ਕਰਨ ਦੀ ਸੰਭਾਵਨਾ ਜ਼ਿਆਦਾ ਹੈ ਕਿਉਂਕਿ ਉਨ੍ਹਾਂ ਨੇ ਅਭਿਸ਼ੇਕ ਸ਼ਰਮਾ ਨਾਲ ਮਿਲ ਕੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਅਜਿਹੇ ਵਿੱਚ, ਪਹਿਲੇ ਮੈਚ 'ਚ ਓਪਨਰ ਵਜੋਂ 67 ਦੌੜਾਂ ਦੀ ਮੈਚ-ਜੇਤੂ ਪਾਰੀ ਖੇਡਣ ਵਾਲੇ ਸੰਜੂ ਸੈਮਸਨ ਨੂੰ ਆਪਣੀ ਓਪਨਿੰਗ ਥਾਂ ਛੱਡ ਕੇ ਨੰਬਰ 3 'ਤੇ ਬੱਲੇਬਾਜ਼ੀ ਕਰਨੀ ਪੈ ਸਕਦੀ ਹੈ।