ਰਾੜਾ ਸਾਹਿਬ ਦੇ ਸੰਪਰਦਾਇਕ ਮੁਖੀ ਸੰਤ ਬਲਜਿੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਸਿੱਖ ਧਰਮ ਅਤੇ ਗੁਰਬਾਣੀ ਦੇ ਉੱਘੇ ਪ੍ਰਚਾਰਕ ਅਤੇ ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਮਿਲੀ। ਬਾਬਾ ਬਲਜਿੰਦਰ ਸਿੰਘ ਜੀ ਨੇ ਸਿੱਖ ਪੰਥ ਦੀ ਮਹਾਨ ਸੇਵਾ ਕੀਤੀ ਅਤੇ ਸੰਗਤਾਂ ਨੂੰ ਗੁਰਬਾਣੀ ਦੇ ਲੜ ਲਾਇਆ। ਪਰਮਾਤਮਾ ਅੱਗੇ ਅਰਦਾਸ ਵਿੱਛੜੀ ਪਵਿੱਤਰ ਰੂਹ ਨੂੰ ਚਰਨਾਂ ‘ਚ ਥਾਂ ਦੇਣ ਅਤੇ ਪਰਿਵਾਰ ਸਮੇਤ ਸਨੇਹੀਆਂ ਨੂੰ ਭਾਣਾ ਮੰਨਣ ਦਾ ਹੌਸਲਾ ਹਿੰਮਤ ਬਖ਼ਸ਼ਣ।
ਇਥੇ ਦੱਸਣਯੋਗ ਹੈ ਕਿ ਰਾੜਾ ਸਾਹਿਬ ਦੇ ਸੰਪਰਦਾਇਕ ਮੁਖੀ ਸੰਤ ਬਲਜਿੰਦਰ ਸਿੰਘ ਅੱਜ ਤੜਕੇ ਅਕਾਲ ਚਲਾਣਾ ਕਰ ਗਏ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ। ਰਾਤ 12 ਵਜੇ ਉਹ ਮਰਹੂਮ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਦੀ ਸਲਾਨਾ ਬਰਸੀ ਸਬੰਧੀ ਹੋ ਰਹੇ ਸਮਾਗਮ ਵਿੱਚ ਕੀਰਤਨ ਕਰਕੇ ਆਪਣੇ ਕਮਰੇ ਵਿੱਚ ਆਰਾਮ ਕਰਨ ਗਏ ਸਨ ਪਰ ਸਵੇਰੇ ਉੱਠੇ ਨਹੀਂ, ਜਿਸ ਤੋਂ ਬਾਅਦ ਇਹ ਦੁੱਖ਼ਦਾਈ ਖ਼ਬਰ ਸਾਹਮਣੇ ਆਈ।
ਸੰਤ ਬਲਜਿੰਦਰ ਸਿੰਘ ਦੇ ਅਕਾਲ ਚਲਾਣੇ ਨਾਲ ਸੰਪਰਦਾਇ ਅਤੇ ਸੰਗਤ ਵਿਚ ਸੋਗ ਦੀ ਲਹਿਰ ਦੌੜ ਪਈ। ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੀਆਂ ਹਨ। ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਪਹੁੰਚੇ ਅਤੇ ਸੋਗ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਰਾੜਾ ਸਾਹਿਬ ਵਿਖੇ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਬਰਸੀ ਸਮਾਗਮ ਚੱਲ ਰਹੇ ਸਨ ਅਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਸਮਾਗਮ ਵਿੱਚ ਸ਼ਾਮਲ ਹੋਣ ਆਉਣਾ ਸੀ। ਰਾਤ ਹੀ ਉਨ੍ਹਾਂ ਦੀ ਬਾਬਾ ਬਲਜਿੰਦਰ ਸਿੰਘ ਜੀ ਨਾਲ ਗੱਲਬਾਤ ਹੋਈ ਸੀ ਪਰ ਸਵੇਰ ਨੂੰ ਇਹ ਮੰਦਭਾਗੀ ਖ਼ਬਰ ਮਿਲੀ।