ਭੋਪਾਲ : ਭਾਰਤੀ ਮਹਿਲਾ ਹਾਕੀ ਟੀਮ ਨੇ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ (FIH) ਦੀ ਤਾਜ਼ਾ ਰੈਂਕਿੰਗ ਵਿੱਚ ਹੁਣ ਤੱਕ ਦੀ ਸਭ ਤੋਂ ਉੱਚੀ 5ਵੀਂ ਪੋਜ਼ੀਸ਼ਨ ਹਾਸਲ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਇਹ ਇਤਿਹਾਸਕ ਪ੍ਰਾਪਤੀ ਟੀਮ ਨੂੰ ਭੋਪਾਲ ਦੇ ਨਾਥੂ ਬਰਖੇੜਾ ਸਥਿਤ ਇੰਟਰਨੈਸ਼ਨਲ ਸਪੋਰਟਸ ਕੰਪਲੈਕਸ ਵਿਖੇ ਚੱਲ ਰਹੀ ‘ਮੱਧ ਪ੍ਰਦੇਸ਼ ਮਹਿਲਾ ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਭੋਪਾਲ 2026’ ਦੌਰਾਨ ਮੰਗਲਵਾਰ ਨੂੰ ਚੀਨ ਖ਼ਿਲਾਫ਼ 6-2 ਦੀ ਸ਼ਾਨਦਾਰ ਜਿੱਤ ਤੋਂ ਬਾਅਦ ਮਿਲੀ ਹੈ।
ਇਸ ਤੋਂ ਪਹਿਲਾਂ ਭਾਰਤੀ ਮਹਿਲਾ ਹਾਕੀ ਟੀਮ ਦੀ ਸਰਵੋਤਮ ਰੈਂਕਿੰਗ 6ਵੀਂ ਸੀ, ਜੋ ਉਸ ਨੇ ਮਈ-ਜੂਨ 2022 ਵਿੱਚ ਐੱਫ.ਆਈ.ਐੱਚ. ਪ੍ਰੋ ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਅਤੇ ਬਾਅਦ ਵਿੱਚ 2023 ਵਿੱਚ ਵੀ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ ਟੋਕੀਓ 2020 ਓਲੰਪਿਕ ਖੇਡਾਂ ਵਿੱਚ ਚੌਥੇ ਸਥਾਨ 'ਤੇ ਰਹਿਣ ਤੋਂ ਬਾਅਦ ਟੀਮ 8ਵੀਂ ਰੈਂਕ 'ਤੇ ਪਹੁੰਚੀ ਸੀ, ਜਦਕਿ 2018 ਵਿੱਚ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਕੇ 9ਵੀਂ ਰੈਂਕ ਹਾਸਲ ਕੀਤੀ ਸੀ।
ਤਾਜ਼ਾ ਰੈਂਕਿੰਗ ਅਪਡੇਟ ਵਿੱਚ ਚੀਨੀ ਟੀਮ ਖਿਸਕ ਕੇ 8ਵੇਂ ਨੰਬਰ 'ਤੇ ਆ ਗਈ ਹੈ। ਮਹਿਲਾ ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਦੇ ਇਤਿਹਾਸ ਵਿੱਚ ਚੀਨ ਵਿਰੁੱਧ 2013 ਦੇ ਐਡੀਸ਼ਨ ਵਿੱਚ ਮਿਲੀ 4-2 ਦੀ ਜਿੱਤ ਤੋਂ ਬਾਅਦ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਆਪਣੇ ਘਰੇਲੂ ਦਰਸ਼ਕਾਂ ਸਾਹਮਣੇ ਖੇਡਦਿਆਂ ਭਾਰਤੀ ਟੀਮ ਨੇ ਸ਼ਾਨਦਾਰ ਆਕ੍ਰਾਮਕ ਖੇਡ ਦਾ ਮੁਜ਼ਾਹਰਾ ਕੀਤਾ, ਜੋ ਹਾਲ ਹੀ ਦੇ ਸਮੇਂ ਵਿੱਚ ਉਨ੍ਹਾਂ ਦੀ ਲਗਾਤਾਰ ਸਫ਼ਲਤਾ ਦਾ ਮੁੱਖ ਕਾਰਨ ਰਿਹਾ ਹੈ।