ਨਵੀਂ ਦਿੱਲੀ : ਫਿਚ ਰੇਟਿੰਗਜ਼ ਨੇ ਕਿਹਾ ਕਿ ਭਾਰਤੀ ਕੰਪਨੀਆਂ ’ਤੇ ਅਮਰੀਕੀ ਹਾਈ ਟੈਰਿਫ ਦਾ ਸਿੱਧਾ ਅਸਰ ਸੀਮਿਤ ਹੈ ਪਰ ਅਜੇ ਪ੍ਰਭਾਵਿਤ ਨਾ ਹੋਏ ਦਵਾਈਆਂ ਵਰਗੇ ਖੇਤਰ ਵੀ ਭਵਿੱਖ ’ਚ ਹੋਣ ਵਾਲੇ ਐਲਾਨਾਂ ਦੀ ਲਪੇਟ ’ਚ ਆ ਸਕਦੇ ਹਨ।
ਅਮਰੀਕਾ ਨੇ ਭਾਰਤੀ ਉਤਪਾਦਾਂ ਦੀ ਦਰਾਮਦ ’ਤੇ 7 ਅਗਸਤ ਤੋਂ 25 ਫੀਸਦੀ ਜਵਾਬੀ ਟੈਰਿਫ ਲਾ ਦਿੱਤਾ ਹੈ। ਇਸ ਤੋਂ ਇਲਾਵਾ ਰੂਸੀ ਤੇਲ ਦੀ ਦਰਾਮਦ ਜਾਰੀ ਰੱਖਣ ਦੇ ਸਜ਼ਾਯੋਗ ਜੁਰਮਾਨੇ ਦੇ ਤੌਰ ’ਤੇ 27 ਅਗਸਤ ਤੋਂ ਵਾਧੂ 25 ਫੀਸਦੀ ਟੈਰਿਫ ਵੀ ਲੱਗੇਗਾ। ਇਸ ਤਰ੍ਹਾਂ ਭਾਰਤ ਅਮਰੀਕਾ ’ਚ 50 ਫੀਸਦੀ ਇੰਪੋਰਟ ਡਿਊਟੀ ਨਾਲ ਏਸ਼ੀਆਈ ਅਰਥਵਿਵਸਥਾਵਾਂ ’ਚ ਸਭ ਤੋਂ ਵਧ ਡਿਊਟੀ ਦਾ ਬੋਝ ਉਠਾ ਰਿਹਾ ਹੈ।
ਫਿਚ ਰੇਟਿੰਗਜ਼ ਨੇ ਇਸ ਟੈਰਿਫ ਦੇ ਪ੍ਰਭਾਵਾਂ ’ਤੇ ਜਾਰੀ ਇਕ ਬਿਆਨ ’ਚ ਕਿਹਾ ਕਿ ਮੌਜੂਦਾ ਟੈਰਿਫ ਨਾਲ ਭਾਰਤੀ ਕੰਪਨੀਆਂ ’ਤੇ ਅਸਿੱਧਾ ਪ੍ਰਭਾਵ ਵਧਣ ਦਾ ਵੀ ਜੋਖਿਮ ਦਿਸ ਰਿਹਾ ਹੈ। ਹਾਲਾਂਕਿ, ਅਮਰੀਕਾ-ਭਾਰਤ ਵਪਾਰ ਸਮਝੌਤਾ ਹੋ ਜਾਣ ’ਤੇ ਇਹ ਜੋਖਿਮ ਘੱਟ ਹੋ ਜਾਵੇਗਾ।
ਰੇਟਿੰਗ ਏਜੰਸੀ ਨੇ ਕਿਹਾ ਕਿ ਭਾਰਤ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਆਪਣੇ 30-40 ਫੀਸਦੀ ਕੱਚੇ ਤੇਲ ਦੀ ਦਰਾਮਦ ਰੂਸ ਤੋਂ ਕਰਦੀਆਂ ਹਨ ਅਤੇ ਰਿਆਇਤੀ ਭਾਅ ਕਾਰਨ ਉਨ੍ਹਾਂ ਦਾ ਲਾਭ ਬਣਿਆ ਹੋਇਆ ਹੈ।
ਇਸ ਤੋਂ ਇਲਾਵਾ ਸੂਚਨਾ ਤਕਨੀਕੀ (ਆਈ. ਟੀ.) ਸੇਵਾਵਾਂ, ਤੇਲ ਅਤੇ ਗੈਸ, ਸੀਮੈਂਟ, ਨਿਰਮਾਣ ਸਮੱਗਰੀ, ਇੰਜੀਨੀਅਰਿੰਗ, ਦੂਰਸੰਚਾਰ ਅਤੇ ਸਹੂਲਤਾਂ ਵਰਗੇ ਖੇਤਰਾਂ ’ਤੇ ਸਿੱਧੇ ਟੈਰਿਫ ਦਾ ਅਸਰ ਅਜੇ ਮਾਮੂਲੀ ਮੰਨਿਆ ਜਾ ਰਿਹਾ ਹੈ।
ਫਿਚ ਨੇ ਕਿਹਾ,‘‘ਹਾਲਾਂਕਿ, ਹੋਰ ਏਸ਼ੀਆਈ ਬਾਜ਼ਾਰਾਂ ਦੀ ਤੁਲਨਾ ’ਚ ਜੇਕਰ ਭਾਰਤ ’ਤੇ ਅਮਰੀਕੀ ਟੈਰਿਫ ਲੰਬੇ ਸਮੇਂ ਤੱਕ ਉੱਚੇ ਪੱਧਰ ’ਤੇ ਬਣਿਆ ਰਹਿੰਦਾ ਹੈ ਤਾਂ ਵਿੱਤੀ ਸਾਲ 2025-26 ’ਚ 6.5 ਫੀਸਦੀ ਦਾ ਅੰਦਾਜ਼ਨ ਆਰਥਿਕ ਵਾਧਾ ਦਰ ’ਤੇ ਦਬਾਅ ਪੈ ਸਕਦਾ ਹੈ। ਇਸ ਦਾ ਅਸਰ ਜ਼ਿਆਦਾ ਭਾਰਤੀ ਕੰਪਨੀਆਂ ਦੇ ਸੰਚਾਲਨ ਪ੍ਰਦਰਸ਼ਨ ’ਤੇ ਦਿਸੇਗਾ।’’