ਲਾਹੌਰ : ਪਾਕਿਸਤਾਨ ਦੇ ਸਾਬਕਾ ਕਪਤਾਨ ਮੁਹੰਮਦ ਯੂਸੁਫ ਨੇ ਐਤਵਾਰ ਨੂੰ ਸਟਾਰ ਬੱਲੇਬਾਜ਼ ਬਾਬਰ ਆਜ਼ਮ ਨੂੰ ਆਪਣੀ ਬੱਲੇਬਾਜ਼ੀ ਦੀਆਂ ਤਕਨੀਕੀ ਖਾਮੀਆਂ ਨੂੰ ਦੂਰ ਕਰਨ ਲਈ ਆਸਟ੍ਰੇਲੀਆ ਜਾਂ ਦੱਖਣੀ ਅਫਰੀਕਾ ’ਚ ਮਾਹਿਰਾਂ ਤੋਂ ਮਦਦ ਲੈਣ ਦੀ ਸਲਾਹ ਦਿੱਤੀ। ਯੂਸੁਫ ਦਾ ਮੰਨਣਾ ਹੈ ਕਿ ਲੰਬੇ ਸਮੇਂ ਤੋਂ ਖਰਾਬ ਫਾਰਮ ਨਾਲ ਜੂਝ ਰਹੇ ਬਾਬਰ ਲਈ ਸਿਰਫ ਫਰਸਟ ਕਲਾਸ ਕ੍ਰਿਕਟ ਖੇਡਣਾ ਕਾਫੀ ਨਹੀਂ ਹੋਵੇਗਾ। ਉਸ ਨੂੰ ਆਪਣੀ ਬੱਲੇਬਾਜ਼ੀ ’ਤੇ ਵਿਸ਼ੇਸ਼ ਤੌਰ ’ਤੇ ਕੰਮ ਕਰਨ ਅਤੇ ਮਾਹਿਰਾਂ ਦੀ ਮਦਦ ਲੈਣ ਦੀ ਲੋੜ ਹੈ।
ਸ਼ਨੀਵਾਰ ਨੂੰ ਸ਼੍ਰੀਲੰਕਾ ਵਿਰੁੱਧ ਤਿਕੋਣੀ ਲੜੀ ਦੇ ਫਾਈਨਲ ’ਚ ਪਾਕਿਸਤਾਨ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਬਾਬਰ ਦੀ ਖਰਾਬ ਫਾਰਮ ਇਕ ਵਾਰ ਫਿਰ ਚਰਚਾ ’ਚ ਆਈ। ਪਾਕਿਸਤਾਨ ਫਾਈਨਲ ਜਿੱਤਣ ’ਚ ਸਫਲ ਰਿਹਾ ਪਰ ਬਾਬਰ ਪੂਰੇ ਟੂਰਨਾਮੈਂਟ ’ਚ ਵੱਡੀ ਪਾਰੀ ਖੇਡਣ ’ਚ ਅਸਫਲ ਰਿਹਾ। ਯੂਸੁਫ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਉਸ ਨੂੰ ਦੱਖਣੀ ਅਫਰੀਕਾ ਜਾਂ ਆਸਟ੍ਰੇਲੀਆ ਜਾਣ ਚਾਹੀਦਾ ਹੈ ਤੇ ਫਿਲਹਾਲ ਆਪਣਾ ਪੂਰਾ ਧਿਆਨ ਬੱਲੇਬਾਜ਼ੀ ’ਚ ਸੁਧਾਰ ਕਰਨ ’ਤੇ ਲਾਉਣਾ ਚਾਹੀਦਾ ਹੈ। ਇਸ ਨਾਲ ਉਸ ਨੂੰ ਕਾਫੀ ਮਦਦ ਮਿਲੇਗੀ।’’
ਬਾਬਰ ਨੇ ਪਿਛਲੇ 3 ਸਾਲਾਂ ’ਚ ਵਨ ਡੇ ਕੌਮਾਂਤਰੀ ਕ੍ਰਿਕਟ ’ਚ ਸਿਰਫ ਇਕ ਸੈਂਕੜਾ ਲਾਇਆ ਹੈ। ਹੁਣ ਉਹ 9 ਨਵੰਬਰ ਤੋਂ ਸ਼੍ਰੀਲੰਕਾ ਵਿਰੁੱਧ ਸ਼ੁਰੂ ਹੋਣ ਵਾਲੀ 2 ਟੈਸਟ ਮੈਚਾਂ ਦੀ ਲੜੀ ’ਚ ਪਾਕਿਸਤਾਨ ਦੀ ਕਪਤਾਨੀ ਕਰੇਗਾ। ਉਸ ਨੇ ਲੈਅ ਹਾਸਲ ਕਰਨ ਲਈ 3 ਨਵੰਬਰ ਤੋਂ ਘਰੇਲੂ ਫਰਸਟ ਕਲਾਸ ਮੈਚ ’ਚ ਖੇਡਣ ਦਾ ਐਲਾਨ ਕੀਤਾ ਹੈ।