ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਨੂੰ ਲੈ ਕੇ ਚਰਚਾਵਾਂ ਜ਼ੋਰਾਂ 'ਤੇ ਹਨ। ਇਸ ਵਿਚਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਜਦੋਂ ਗਠਜੋੜ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਗੋਲ ਮੋਲ ਜਵਾਬ ਦਿੰਦਿਆਂ ਕਿਹਾ ਕਿ ਉਹ ਪੰਡਤ ਨਹੀਂ ਹਨ, ਥੋੜੇ ਦਿਨਾਂ ਵਿਚ ਸਾਰਾ ਕੁਝ ਸਾਫ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦਾ ਹਿੱਤ ਸੋਚਣ ਵਾਲੀਆਂ ਪਾਰਟੀਆਂ ਨਾਲ ਹੀ ਗਠਜੋੜ ਕਰੇਗਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਚੰਡੀਗੜ੍ਹ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਵਿਚ ਐੱਨ. ਡੀ. ਏ. ਦੀ ਸਰਕਾਰ ਬਣਨ ਦਾ ਦਾਅਵਾ ਕਰਨ ਤੋਂ ਬਾਅਦ ਸਿਆਸੀ ਹਲਚਲ ਹੋਰ ਵਧ ਗਈ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ਗਠਜੋੜ ਕਰਕੇ ਹੀ ਮੈਦਾਨ ਵਿਚ ਉਤਰਨਗੀਆਂ।
ਦਰਅਸਲ ਸੁਖਬੀਰ ਸਿੰਘ ਬਾਦਲ ਅੱਜ ਚੰਡੀਗੜ੍ਹ ਸਥਿਤ ਪਾਰਟੀ ਦਫਤਰ ਵਿਚ ਪ੍ਰੈੱਸ ਕਾਨਫਰੰਸ ਕਰ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅਮਿਤ ਸ਼ਾਹ ਪੰਜਾਬ ਵਿੱਚ ਐੱਨ. ਡੀ. ਏ. ਦੀ ਸਰਕਾਰ ਬਣਾਉਣ ਦੀ ਗੱਲ ਕਰ ਰਹੇ ਹਨ, ਜਦਕਿ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਾਰੀਆਂ 117 ਸੀਟਾਂ 'ਤੇ ਇਕੱਲੇ ਚੋਣ ਲੜਨ ਦੀ ਗੱਲ ਆਖ ਰਹੇ ਹਨ। ਇਸ 'ਤੇ ਸੁਖਬੀਰ ਨੇ ਸਿੱਧਾ ਜਵਾਬ ਨਾ ਦਿੰਦਿਆਂ ਗੋਲ-ਮੋਲ ਗੱਲ ਕਰਦਿਆਂ ਕਿਹਾ ਕਿ ਥੋੜੇ ਦਿਨਾਂ ਵਿਚ ਸਾਰਾ ਕੁੱਝ ਪਤਾ ਲੱਗ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਭਗਵੰਤ ਮਾਨ ਧੂਰੀ ਤੋਂ ਵਿਧਾਨ ਸਭਾ ਚੋਣ ਲਾਜ਼ਮੀ ਤੌਰ ’ਤੇ ਹਾਰਨਗੇ ਕਿਉਂਕਿ ਲੋਕਾਂ ਦੇ ਮਨਾਂ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਨਫ਼ਰਤ ਲਗਾਤਾਰ ਵਧਦੀ ਜਾ ਰਹੀ ਹੈ। ਇਸ ਲਈ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦਾ ਸਫ਼ਾਇਆ ਕਰਨਗੇ ਅਤੇ ਆਗਾਮੀ ਚੋਣਾਂ ਵਿੱਚ ਅਕਾਲੀ ਦਲ ਨੂੰ ਸੱਤਾ ਵਿੱਚ ਲਿਆਉਣਗੇ।