ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਨੇ ਮੰਗਲਵਾਰ ਨੂੰ ਦੱਸਿਆ ਕਿ 26 ਸਤੰਬਰ ਤੋਂ 12 ਅਕਤੂਬਰ ਤੱਕ ਜੋਧਪੁਰ ਹਵਾਈ ਫ਼ੌਜ ਸਟੇਸ਼ਨ 'ਤੇ ਆਯੋਜਿਤ ਅਭਿਆਸ 'ਤਰੰਗ ਸ਼ਕਤੀ' ਦੇ ਦੂਜੇ ਐਡੀਸ਼ਨ 'ਚ 7 ਦੇਸ਼ ਅਮਰੀਕਾ, ਫਰਾਂਸ, ਜਰਮਨੀ, ਆਸਟ੍ਰੇਲੀਆ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਹਿੱਸਾ ਲੈਣਗੇ। ਬਹੁਪੱਖੀ ਹਵਾਈ ਅਭਿਆਸ ਦੌਰਾਨ ਭਾਰਤ ਰਾਫੇਲ, ਮਿਰਾਜ-2000, ਜੈਗੁਆਰ, ਤੇਜਸ, ਮਿਗ-29 ਅਤੇ ਐੱਸਯੂ-30 ਐੱਮਕੇਆਈ ਸਮੇਤ ਹੋਰ ਹਵਾਈ ਸਰੋਤਾਂ ਦਾ ਪ੍ਰਦਰਸ਼ਨ ਕਰੇਗਾ।
ਇਸ ਅਭਿਆਸ ਦਾ ਮਕਸਦ ਦੇਸ਼ ਦੀ ਰੱਖਿਆ ਸਮਰੱਥਾ ਨੂੰ ਪ੍ਰਦਰਸ਼ਿਤ ਕਰਨਾ ਅਤੇ ਵੱਖ-ਵੱਖ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ ਬਿਹਤਰ ਤਾਲਮੇਲ ਅਤੇ ਸੰਯੁਕਤ ਰੂਪ ਨਾਲ ਕੰਮ ਕਰਨ ਦੀ ਸਮਰੱਥਾ ਨੂੰ ਉਤਸ਼ਾਹ ਦੇਣ ਲਈ ਇਕ ਮੰਚ ਉਪਲੱਬਧ ਕਰਵਾਉਣਾ ਹੈ। ਭਾਰਤੀ ਹਵਾਈ ਫ਼ੌਜ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਦੀਆਂ ਹਵਾਈ ਸੈਨਾਵਾਂ ਵਿਚਾਲੇ ਅਮਰੀਕਾ ਦਾ ਬਹੁ-ਉਦੇਸ਼ੀ 'ਸਟੀਲਥ' ਲੜਾਕੂ ਜਹਾਜ਼ ਐੱਫ-35, ਫਰਾਂਸ ਦਾ ਰਾਫੇਲ, ਯੂਏਈ ਦਾ ਐੱਫ-16 ਅਤੇ ਬੰਗਲਾਦੇਸ਼ ਦਾ ਸੀ-130ਜੇ ਜੋਧਪੁਰ ਹਵਾਈ ਫ਼ੌਜ ਸਟੇਸ਼ਨ 'ਤੇ 2 ਹਫ਼ਤਿਆਂ ਤੱਕ ਆਪਣੇ 'ਸੰਯੁਕਤ ਰਣਨੀਤਕ ਅਭਿਆਸ' ਦਾ ਪ੍ਰਦਰਸ਼ਨ ਕਰਨਗੇ।
ਅਧਿਕਾਰੀਆਂ ਨੇ ਦੱਸਿਆ ਕਿ ਐੱਫ-35 ਨੇ 'ਏਅਰੋ ਇੰਡੀਆ 2025' 'ਚ ਹਿੱਸਾ ਲਿਆ ਸੀ ਪਰ ਅਭਿਆਸ 'ਤਰੰਗ ਸ਼ਕਤੀ' 'ਚ ਇਹ ਪਹਿਲੀ ਵਾਰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਵੱਡਾ ਅਭਿਆਸ 'ਵੀਰ ਗਾਰਡੀਅਨ' ਅਭਿਆਸ ਦੇ ਤੁਰੰਤ ਬਾਅਦ ਆਯੋਜਿਤ ਕੀਤਾ ਜਾਵੇਗਾ। 'ਵੀਰ ਗਾਰਡੀਅਨ' ਭਾਰਤ ਅਤੇ ਜਾਪਾਨ ਦੀਆਂ ਹਵਾਈ ਸੈਨਾਵਾਂ ਵਿਚਾਲੇ ਹੋਣ ਵਾਲਾ ਦੋ-ਪੱਖੀ ਹਵਾਈ ਅਭਿਆਸ ਹੈ, ਜੋ 9 ਤੋਂ 22 ਸਤੰਬਰ ਤੱਕ ਇਸੇ ਸਥਾਨ 'ਤੇ ਆਯੋਜਿਤ ਕੀਤਾ ਗਿਆ। ਅਭਿਆਸ ਦਾ ਪਹਿਲਾ ਐਡੀਸ਼ਨ 2024 'ਚ 2 ਪੜਾਅ 'ਚ ਤਾਮਿਲਨਾਡੂ ਦੇ ਸੁਲੂਰ ਅਤੇ ਜੋਧਪੁਰ 'ਚ ਆਯੋਜਿਤ ਕੀਤਾ ਗਿਆ ਸੀ। ਇਸ 'ਚ ਬ੍ਰਿਟੇਨ, ਜਰਮਨੀ ਅਤੇ ਫਰਾਂਸ ਸਮੇਤ ਕਈ ਦੇਸ਼ਾਂ ਦੇ ਲੜਾਕੂ ਜਹਾਜ਼ਾਂ ਨੇ ਹਿੱਸਾ ਲਿਆ ਸੀ।