ਜੋਧਪੁਰ : ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਨੇ ਐਤਵਾਰ ਨੂੰ ਇੱਥੇ ਜਾਰੀ ਦੋ-ਪੱਖੀ ਹਵਾਈ ਫ਼ੌਜ ਅਭਿਆਸ ਦੌਰਾਨ ਕਿਹਾ ਕਿ ਪਹਿਲੀ ਵਾਰ ਭਾਰਤੀ ਧਰਤੀ ਤੋਂ ਜਾਪਾਨੀ ਲੜਾਕੂ ਜਹਾਜ਼ਾਂ ਦਾ ਉਡਾਣ ਭਰਨਾ ਭਾਰਤ ਅਤੇ ਜਾਪਾਨ ਵਿਚਾਲੇ ਰੱਖਿਆ ਸਹਿਯੋਗ 'ਚ ਇਕ ਮਹੱਤਵਪੂਰਨ ਉਪਲੱਬਧੀ ਹੈ। ਇਹ ਅਭਿਆਸ 9 ਤੋਂ 22 ਸਤੰਬਰ ਤੱਕ ਹਵਾਈ ਫ਼ੌਜ ਸਟੇਸ਼ਨ, ਜੋਧਪੁਰ 'ਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ 'ਚ ਸਵਦੇਸ਼ੀ 'ਤੇਜਸ', ਸੁਖੋਈ-30 ਐੱਮਕੇਆਈ' ਅਤੇ 'ਰਾਫੇਲ' ਸਮੇਤ ਭਾਰਤੀ ਹਵਾਈ ਫ਼ੌਜ ਦੀ ਮੋਹਰੀ ਲਾਈਨ ਦੇ ਜਹਾਜ਼ ਅਤੇ ਜਾਪਾਨ ਏਅਰ ਸੈਲਫ ਡਿਫੈਂਸ ਫੋਰਸ ਦੇ 'ਐੱਫ-2ਏ' ਲੜਾਕੂ ਜਹਾਜ਼ ਹਿੱਸਾ ਲੈ ਰਹੇ ਹਨ।
ਜਾਪਾਨ ਏਅਰ ਸੈਲਫ ਡਿਫੈਂਸ ਫੋਰਸ ਦੇ ਚੀਫ਼ ਆਫ਼ ਸਟਾਫ਼ ਜਨਰਲ ਤਾਕੇਹਿਰੋ ਮੋਰੀਤਾ ਨੇ ਕਿਹਾ ਕਿ ਭਾਰਤ 'ਚ ਜਾਪਾਨੀ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਤੋਂ ਬਾਅਦ ਰੱਖਿਆ ਸਹਿਯੋਗ ਸਿਰਫ਼ ਅਭਿਆਸ ਆਯੋਜਿਤ ਕਰਨ ਨਾਲ ਅੱਗੇ ਵਧਿਆ ਹੈ। ਸਿੰਘ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਇਹ ਅਭਿਆਸ, ਵਿਸ਼ੇਸ਼ ਰੂਪ ਨਾਲ ਇਸ ਲਈ ਸਾਡੇ ਸੰਬੰਧਾਂ ਅਤੇ ਸਾਡੀ ਸਾਂਝੇਦਾਰੀ ਦੇ ਇਤਿਹਾਸ 'ਚ ਇਕ ਵੱਡੀ ਉਪਲੱਬਧੀ ਹੈ, ਕਿਉਂਕਿ ਜਾਪਾਨੀ ਲੜਾਕੂ ਜਹਾਜ਼ ਪਹਿਲੀ ਵਾਰ ਭਾਰਤੀ ਧਰਤੀ ਤੋਂ ਉਡਾਣ ਭਰ ਰਹੇ ਹਨ।''