ਮੁੰਬਈ : ਮੁੰਬਈ ਦੇ ਕੋਸਟਲ ਰੋਡ 'ਤੇ ਇਕ ਤੇਜ਼ ਰਫ਼ਤਾਰ ਬੀਐੱਮਡਬਲਿਊ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਉਸ 'ਚ ਸਵਾਰ ਇਕ ਨਾਬਾਲਗ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ 5.20 ਵਜੇ ਹੋਈ, ਜਦੋਂ ਕਾਰ ਮਰੀਨ ਡਰਾਈਵ ਤੋਂ ਹਾਜੀ ਅਲੀ ਵੱਲ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ। ਕੋਸਟਲ ਰੋਡ ਕੰਟਰੋਲ ਰੂਮ ਅਨੁਸਾਰ ਲਾਲਾ ਲਾਜਪਤ ਰਾਏ ਕਾਲਜ ਦੇ ਸਾਹਮਣੇ ਲੋਟਸ ਜੇਟੀ ਕੋਲ ਕਾਰ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ। ਇਸ ਤੋਂ ਬਾਅਦ ਕਾਰ ਫਲਾਈਓਵਰ ਤੋਂ ਹੇਠਾਂ ਡਿੱਗ ਗਈ।
ਇਕ ਅਧਿਕਾਰੀ ਨੇ ਦੱਸਿਆ ਕਿ ਕਾਰ 'ਚ ਸਵਾਰ ਚਾਰ ਲੋਕਾਂ ਨੂੰ ਤੁਰੰਤ ਕੋਲ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ 'ਚੋਂ ਤਿੰਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ 'ਚੋਂ 2 ਦੀ ਪਛਾਣ ਸ਼ਨਾਯ ਗੱਜਲ (21) ਅਤੇ ਧੈਰਯ ਸੇਠ (17) ਵਜੋਂ ਹੋਈ ਹੈ। ਇਸ ਘਟਨਾ 'ਚ ਮਾਰੇ ਗਏ ਇਕ ਹੋਰ ਨੌਜਵਾਨ ਦੀ ਉਮਰ ਲਗਭਗ 25 ਸਾਲ ਦੱਸੀ ਜਾ ਰਹੀ ਹੈ, ਜਿਸ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ।
ਅਧਿਕਾਰੀ ਨੇ ਦੱਸਿਆ ਕਿ ਕਾਰ 'ਚ ਬੈਠੇ ਚੌਥੇ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਨੌਜਵਾਨ ਅਜੇ ਹਸਪਤਾਲ ਦੇ ਟਰਾਮਾ ਵਾਰਡ 'ਚ ਗੰਭੀਰ ਹਾਲਤ 'ਚ ਦਾਖ਼ਲ ਹੈ। ਜ਼ਖ਼ਮੀ ਨੌਜਵਾਨ ਦੀ ਉਮਰ ਲਗਭਗ 20 ਸਾਲ ਹੈ ਅਤੇ ਉਸ ਦੀ ਵੀ ਪਛਾਣ ਅਜੇ ਨਹੀਂ ਹੋ ਸਕੀ ਹੈ। ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੰਬਈ ਕੋਸਟਲ ਰੋਡ 10.58 ਕਿਲੋਮੀਟਰ ਲੰਬਾ ਹਾਈ ਸਪੀਡ ਫ੍ਰੀਵੇਅ ਹੈ, ਜੋ ਦੱਖਣ ਮੁੰਬਈ 'ਚ ਮਰੀਨ ਡਰਾਈਵ ਨੂੰ ਬਾਂਦਰਾ-ਵਰਲੀ ਸੀ ਲਿੰਕ ਦੇ ਵਰਲੀ ਛੋਰ ਨਾਲ ਜੋੜਦਾ ਹੈ।