ਚੰਡੀਗੜ੍ਹ : ਹਰਿਆਣਾ ਮਹਿਲਾ ਕਮਿਸ਼ਨ ਨੇ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਨੂੰ ਦੇਹਰਾਦੂਨ ’ਚ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਦੇ ਕਥਿਤ ਮਾਮਲੇ ’ਚ 18 ਅਪ੍ਰੈਲ ਨੂੰ ਮਹਿਲਾ ਕਮਿਸ਼ਨ ਦੇ ਸਾਹਮਣੇ ਨਿੱਜੀ ਤੌਰ ’ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਡੀ. ਏ. ਵੀ. ਕਾਲਜ, ਦੇਹਰਾਦੂਨ ’ਚ ਆਯੋਜਿਤ ਇਕ ਸਮਾਗਮ ਦੌਰਾਨ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਤੇ ਜਨਤਕ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕਮਿਸ਼ਨ ਨੇ ਇਹ ਕਾਰਵਾਈ ਕੀਤੀ ਹੈ।
ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਵੱਲੋਂ ਮਾਸੂਮ ਸ਼ਰਮਾ ਨੂੰ ਜਾਰੀ ਸੰਮਨ ’ਚ ਕਿਹਾ ਗਿਆ ਹੈ ਕਿ ਜੇ ਅਜਿਹੇ ਦੋਸ਼ ਸੱਚ ਪਾਏ ਜਾਂਦੇ ਹਨ ਤਾਂ ਉਹ ਨਾ ਸਿਰਫ਼ ਇਕ ਜਨਤਕ ਸ਼ਖਸੀਅਤ ਦੇ ਆਚਰਣ ’ਤੇ ਸਵਾਲ ਉਠਾਉਂਦੇ ਹਨ, ਸਗੋਂ ਸਮਾਜ ’ਚ ਔਰਤਾਂ ਦੀ ਇੱਜ਼ਤ, ਸਤਿਕਾਰ ਅਤੇ ਸਨਮਾਨ ਲਈ ਵੀ ਗੰਭੀਰ ਚਿੰਤਾ ਪੈਦਾ ਕਰਦੇ ਹਨ। ਕਮਿਸ਼ਨ ਵੱਲੋਂ ਮਾਸੂਮ ਨੂੰ ਭੇਜੇ ਗਏ ਨੋਟਿਸ ਅਨੁਸਾਰ ਉਨ੍ਹਾਂ ਨੂੰ 18 ਅਪ੍ਰੈਲ ਨੂੰ ਸਵੇਰੇ 11 ਵਜੇ ਪੰਚਕੂਲਾ ਸਥਿਤ ਕਮਿਸ਼ਨ ਦੇ ਦਫ਼ਤਰ ’ਚ ਪੇਸ਼ ਹੋ ਕੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ।
ਕਮਿਸ਼ਨ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਪੇਸ਼ ਨਹੀਂ ਹੁੰਦੇ ਤਾਂ ਕਮਿਸ਼ਨ ਢੁਕਵੀਂ ਕਾਨੂੰਨੀ ਕਾਰਵਾਈ ਕਰ ਸਕਦਾ ਹੈ। ਕਮਿਸ਼ਨ ਨੇ ਮਾਮਲੇ ਨੂੰ ਬਹੁਤ ਜ਼ਰੂਰੀ ਦੱਸਿਆ ਹੈ। ਕੁਝ ਦਿਨ ਪਹਿਲਾਂ ਉਹ ਇਕ ਸਮਾਗਮ ’ਚ ਇਕ ਸਰਪੰਚ ਵਿਰੁੱਧ ਆਪਣੀਆਂ ਅਪਮਾਨਜਨਕ ਟਿੱਪਣੀਆਂ ਲਈ ਸੁਰਖੀਆਂ ’ਚ ਆਏ ਸਨ। ਇਸ ਨਾਲ ਵੱਡਾ ਵਿਵਾਦ ਪੈਦਾ ਹੋ ਗਿਆ ਸੀ ਤੇ ਮਾਸੂਮ ਸ਼ਰਮਾ ਨੂੰ ਮੁਆਫ਼ੀ ਮੰਗਣੀ ਪਈ ਸੀ।