ਦੁੱਧ ਤੇ ਦਹੀਂ ਭਾਰਤੀ ਖੁਰਾਕ ਦਾ ਅਹਿਮ ਹਿੱਸਾ ਹਨ। ਦੁੱਧ ਨੂੰ ਕੰਪਲੀਟ ਡਾਈਟ ਕਿਹਾ ਜਾਂਦਾ ਹੈ ਕਿਉਂਕਿ ਇਸ 'ਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਅਤੇ ਮਿਨਰਲ ਵੱਧ ਮਾਤਰਾ 'ਚ ਹੁੰਦੇ ਹਨ। ਇਸੇ ਤਰ੍ਹਾਂ ਦਹੀਂ ਪਾਚਣ-ਤੰਤਰ ਨੂੰ ਠੀਕ ਰੱਖਣ ਤੇ ਰੋਗ ਰੋਕਥਾਮ ਸ਼ਕਤੀ ਵਧਾਉਣ 'ਚ ਮਦਦਗਾਰ ਹੈ। ਪਰ ਬਾਵਜੂਦ ਇਸ ਦੇ ਕਈ ਲੋਕਾਂ ਨੂੰ ਦੁੱਧ ਜਾਂ ਦਹੀਂ ਖਾਣ ਤੋਂ ਬਾਅਦ ਗੈਸ, ਪੇਟ ਦਰਦ ਜਾਂ ਦਸਤ ਦੀ ਸਮੱਸਿਆ ਹੋ ਜਾਂਦੀ ਹੈ।
ਦੁੱਧ-ਦਹੀਂ ਨਾਲ ਮੁੱਖ ਸਮੱਸਿਆਵਾਂ
ਲੈਕਟੋਜ਼ ਇੰਟਾਲਰੈਂਸ : ਕੁਝ ਲੋਕਾਂ ਦੇ ਸਰੀਰ 'ਚ ਲੈਕਟੋਜ਼ ਐਂਜਾਈਮ ਨਹੀਂ ਬਣਦਾ, ਜਿਸ ਕਰਕੇ ਉਹ ਦੁੱਧ 'ਚ ਮੌਜੂਦ ਲੈਕਟੋਜ਼ ਸ਼ੁਗਰ ਨੂੰ ਹਜ਼ਮ ਨਹੀਂ ਕਰ ਪਾਉਂਦੇ। ਇਸ ਨਾਲ ਗੈਸ, ਪੇਟ ਫੁੱਲਣਾ, ਦਸਤ ਤੇ ਮਰੋੜ ਆ ਸਕਦੇ ਹਨ।
ਕਮਜ਼ੋਰ ਪਾਚਣ ਤੰਤਰ : ਜਿਨ੍ਹਾਂ ਦਾ ਪੇਟ ਕਮਜ਼ੋਰ ਹੁੰਦਾ ਹੈ, ਉਨ੍ਹਾਂ ਨੂੰ ਦੁੱਧ ਹਜ਼ਮ ਕਰਨਾ ਔਖਾ ਹੋ ਜਾਂਦਾ ਹੈ, ਖਾਸ ਕਰਕੇ ਰਾਤ ਸਮੇਂ।
ਐਲਰਜੀ ਦੀ ਸਮੱਸਿਆ : ਕੁਝ ਲੋਕਾਂ ਨੂੰ ਦੁੱਧ ਦੇ ਪ੍ਰੋਟੀਨ (ਕੇਸੀਨ) ਨਾਲ ਐਲਰਜੀ ਹੋ ਸਕਦੀ ਹੈ, ਜਿਸ ਨਾਲ ਖੁਜਲੀ, ਸਾਹ ਲੈਣ 'ਚ ਤਕਲੀਫ ਜਾਂ ਉਲਟੀ ਤੱਕ ਹੋ ਸਕਦੀ ਹੈ।
ਗਲਤ ਸਮੇਂ ਸੇਵਨ : ਰਾਤ ਵੇਲੇ ਦਹੀਂ ਖਾਣ ਨਾਲ ਕਫ਼ ਵਧਣ ਤੇ ਜ਼ੁਕਾਮ ਦੀ ਸਮੱਸਿਆ ਹੋ ਸਕਦੀ ਹੈ। ਇਸੇ ਤਰ੍ਹਾਂ ਭਾਰੀ ਖਾਣੇ ਤੋਂ ਤੁਰੰਤ ਬਾਅਦ ਦੁੱਧ ਪੀਣ ਨਾਲ ਗੈਸ ਤੇ ਐਸਿਡਿਟੀ ਵਧਦੀ ਹੈ।
ਦੁੱਧ-ਦਹੀਂ ਖਾਂਦੇ ਸਮੇਂ ਇਹ ਗੱਲਾਂ ਧਿਆਨ 'ਚ ਰੱਖੋ
ਹਮੇਸ਼ਾ ਕੋਸਾ ਦੁੱਧ ਪੀਓ, ਠੰਡਾ ਦੁੱਧ ਪੇਟ 'ਤੇ ਭਾਰੀ ਪੈ ਸਕਦਾ ਹੈ।
ਖਾਲੀ ਪੇਟ ਦੁੱਧ ਨਾ ਪੀਓ, ਇਸ ਨਾਲ ਗੈਸ ਬਣ ਸਕਦੀ ਹੈ।
ਦਹੀਂ ਦੁਪਹਿਰ ਦੇ ਖਾਣੇ ਨਾਲ ਖਾਣਾ ਸਭ ਤੋਂ ਫਾਇਦੇਮੰਦ ਹੈ।
ਰਾਤ ਨੂੰ ਦਹੀਂ ਤੋਂ ਬਚੋ, ਜੇ ਖਾਣਾ ਲਾਜ਼ਮੀ ਹੋਵੇ ਤਾਂ ਕਾਲਾ ਲੂਣ ਜਾਂ ਕਾਲੀ ਮਿਰਚ ਮਿਲਾ ਕੇ ਖਾਓ।
ਜਿਨ੍ਹਾਂ ਨੂੰ ਦੁੱਧ ਪਚਦਾ ਨਹੀਂ, ਉਹ ਲੈਕਟੋਜ਼-ਫ੍ਰੀ ਦੁੱਧ ਜਾਂ ਸੋਆ/ਬਾਦਾਮ ਵਰਗੇ ਵਿਕਲਪ ਅਪਣਾਉਣ।
ਲੰਬੇ ਸਮੇਂ ਤੋਂ ਦੁੱਧ-ਦਹੀਂ ਦਾ ਸੇਵਨ ਨਹੀਂ ਕਰ ਰਹੇ ਹੋ ਤਾਂ ਅਚਾਨਕ ਜ਼ਿਆਦਾ ਮਾਤਰਾ ਲੈਣ ਤੋਂ ਬਚੋ। ਘੱਟ ਮਾਤਰਾ ਨਾਲ ਸ਼ੁਰੂ ਕਰ ਕੇ ਹੌਲੀ-ਹੌਲੀ ਮਾਤਰਾ ਵਧਾਓ, ਅਚਾਨਕ ਜ਼ਿਆਦਾ ਨਾ ਖਾਓ।
ਜੇ ਐਲਰਜੀ ਜਾਂ ਲਗਾਤਾਰ ਗੈਸ-ਦਸਤ ਦੀ ਸਮੱਸਿਆ ਰਹੇ ਤਾਂ ਡਾਕਟਰ ਨਾਲ ਸਲਾਹ ਕਰੋ।