ਮੁੰਬਈ : ਅਦਾਕਾਰਾ ਦੀਆ ਮਿਰਜ਼ਾ ਵੱਲੋਂ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਰਹੱਸਮਈ ਪੋਸਟ ਸ਼ੇਅਰ ਕਰਕੇ ਦਿੱਗਜ ਅਦਾਕਾਰ ਨਵਾਜ਼ੁੱਦੀਨ ਸਿੱਦੀਕੀ 'ਤੇ ਨਿਸ਼ਾਨਾ ਸਾਧੇ ਜਾਣ ਮਗਰੋਂ ਹੁਣ ਅਦਾਕਾਰ ਨੇ ਵੀ ਇਸ ਦਾ ਮੂੰਹ-ਤੋੜ ਜਵਾਬ ਦਿੱਤਾ ਹੈ।
ਬੁੱਧਵਾਰ ਨੂੰ ਅਦਾਕਾਰਾ ਨੇ ਇੱਕ ਇੰਸਟਾਗ੍ਰਾਮ ਪੋਸਟ ਸਾਂਝੀ ਕਰਕੇ ਨਵਾਜ਼ੂਦੀਨ ਸਿੱਦੀਕੀ ਨੂੰ ਟੈਗ ਕਰਦਿਆਂ ਲਿਖਿਆ ਸੀ, "ਇਨ੍ਹਾਂ ਨਾਲ ਕੰਮ ਕਰਨਾ ਇੱਕ ਡਰਾਉਣੇ ਸੁਪਨੇ ਵਰਗਾ ਹੈ! ਨਾ ਤਾਂ ਗੱਲ ਕਰਨ ਦੀ ਤਮੀਜ਼ ਹੈ ਤੇ ਐਟੀਟਿਊਡ ਤਾਂ ਬਿਲਕੁਲ ਹੀ ਵੱਖਰੇ ਲੈਵਲ ਦਾ ਹੈ! ਬਿਲਕੁਲ ਹੀ offensive ਕਰੈਕਟਰ।" ਜਿਵੇਂ ਹੀ ਇਹ ਪੋਸਟ ਸਾਹਮਣੇ ਆਈ ਤਾਂ ਨਵਾਜ਼ੂਦੀਨ ਵੀ ਚੁੱਪ ਨਾ ਰਹੇ। ਅਦਾਕਾਰ ਨੇ ਵੀ ਉਸੇ ਪੋਸਟ 'ਤੇ ਕੁਮੈਂਟ ਸੈਕਸ਼ਨ ਵਿੱਚ ਜਵਾਬ ਦਿੰਦੇ ਹੋਏ ਲਿਖਿਆ, "ਦੀਆ ਮਿਰਜ਼ਾ ਐਟੀਟਿਊਡ 'ਚ ਕਮੀ ਕੱਢਣਾ ਸੌਖ਼ਾ ਹੈ, ਕੰਮ 'ਚ ਕਮੀ ਕੱਢ ਕੇ ਦਿਖਾਓ।"
ਨਵਾਜ਼ੁੱਦੀਨ ਦੇ ਇਸ ਕੁਮੈਂਟ ਮਗਰੋਂ ਕਿਆਸ ਲਗਾਏ ਜਾ ਰਹੇ ਸਨ ਕਿ ਸ਼ਾਇਦ ਦੋਵਾਂ ਵਿਚਾਲੇ ਕੋਈ ਕਹਾਸੁਣੀ ਹੋ ਗਈ ਹੈ ਤੇ ਦੀਆ ਉਸੇ ਗੱਲ ਦੀ ਭੜਾਸ ਕੱਢ ਰਹੀ ਹੈ। ਪਰ ਨਵਾਜ਼ੂਦੀਨ ਦੇ ਇਸ ਕੁਮੈਂਟ 'ਤੇ ਦੀਆ ਨੇ ਕੁਮੈਂਟ ਸੈਕਸ਼ਨ 'ਚ ਹੀ ਅਜਿਹਾ ਰਿਪਲਾਈ ਕੀਤਾ, ਜਿਸ ਤੋਂ ਇਹ ਸਾਫ਼ ਹੋ ਗਿਆ ਕਿ ਇਹ ਕੋਈ ਝਗੜਾ ਨਹੀਂ ਸੀ। ਦੀਆ ਨੇ ਨਵਾਜ਼ੂਦੀਨ ਦੇ ਕੁਮੈਂਟ 'ਤੇ ਰਿਪਲਾਈ ਕਰਦਿਆਂ ਕਿਹਾ, 'ਤੁਹਾਡੇ ਕੰਮ 'ਚ ਕਮੀ ਨਹੀਂ ਕੱਢੀ ਜਾ ਸਕਦੀ, ਤੁਸੀਂ ਤਾਂ ਬੈਸਟ ਹੋ।'
ਇਹ ਪੋਸਟ ਵਾਇਰਲ ਹੋਣ ਮਗਰੋਂ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਹ ਕੁਮੈਂਟ ਸ਼ਾਇਦ ਨਵਾਜ਼ੂਦੀਨ ਦੇ ਆਉਣ ਵਾਲੇ ਪ੍ਰੋਜੈਕਟ 'ਹਸਨ ਐਮ.ਡੀ.' 'ਚ ਉਨ੍ਹਾਂ ਦੇ ਕਿਰਦਾਰ ਵੱਲ ਇਸ਼ਾਰਾ ਕਰ ਰਹੇ ਹਨ। ਇੰਡਸਟਰੀ ਦੀਆਂ ਰਿਪੋਰਟਾਂ ਅਨੁਸਾਰ, ਦੀਆ ਅਤੇ ਨਵਾਜ਼ੂਦੀਨ 'ਹਸਨ ਐਮ.ਡੀ.' 'ਚ ਨਜ਼ਰ ਆਉਣਗੇ, ਜੋ ਕਿ ਮਸ਼ਹੂਰ ਅਮਰੀਕੀ ਮੈਡੀਕਲ ਡਰਾਮਾ 'ਹਾਊਸ ਐੱਮ.ਡੀ.' ਦਾ ਬਾਲੀਵੁੱਡ ਵਰਜ਼ਨ ਹੈ। ਇਹ ਸੀਰੀਜ਼ ਦਸੰਬਰ 2026 ਵਿੱਚ ਰਿਲੀਜ਼ ਹੋਣ ਦੀ ਉਮੀਦ ਹੈ। ਖਬਰਾਂ ਮੁਤਾਬਕ, ਨਵਾਜ਼ੂਦੀਨ ਸਿੱਦੀਕੀ ਇਸ ਪ੍ਰੋਜੈਕਟ 'ਚ ਮੁੱਖ ਭੂਮਿਕਾ ਨਿਭਾ ਰਹੇ ਹਨ। ਦੀਆ ਮਿਰਜ਼ਾ ਵੀ ਇਸ ਸੀਰੀਜ਼ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਹੀ ਹੈ।