ਜਲੰਧਰ : ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੀਂ ਜਯੰਤੀ ਮੌਕੇ ਅੱਜ ਜਲੰਧਰ ਤੋਂ 'ਸਮਰਸਤਾ ਸੰਕਪਲਪ ਯਾਤਰਾ' ਦੀ ਸ਼ੁਰੂਆਤ ਕੀਤੀ ਗਈ। ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਉਪਰੰਤ ਪਿੰਡ ਰਾਏਪੁਰ-ਰਸੂਲਪੁਰ ਸਥਿਤ ਰੱਖੇ ਗਏ ਸਮਾਗਮ ਦੌਰਾਨ ਇਸ ਯਾਤਰਾ ਨੂੰ ਨਿਤਿਨ ਨਬੀਨ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਆਪਣੇ ਸੰਬੋਧਨ ਦੌਰਾਨ ਨਿਤਿਨ ਨਬੀਨ ਨੇ ਕਿਹਾ ਕਿ ਇਸ ਯਾਤਰਾ ਨਾਲ ਗੁਰੂ ਜੀ ਦੇ ਵਿਚਾਰਾਂ ਨਾਲ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਮੇਰੇ ਲਈ ਬੇਹੱਦ ਖ਼ਾਸ ਹੈ। ਇਹ ਯਾਤਰਾ ਗੁਰੂ ਜੀ ਦੀ ਨਗਰੀ ਜਲੰਧਰ ਤੋਂ ਸ਼ੁਰੂ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਮੈਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ 'ਚ ਨਮਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸੰਤ ਨਿਰੰਜਨ ਦਾਸ ਜੀ ਦੀ ਪ੍ਰੇਰਣਾ ਸਦਕਾ ਅੱਜ ਇਹ 'ਸਮਰਸਤਾ ਸੰਕਲਪ ਯਾਤਰਾ' ਨਿਕਲਣ ਜਾ ਰਹੀ ਹੈ, ਜੋਕਿ ਵੱਖ-ਵੱਖ ਸੂਬਿਆਂ ਵਿਚੋਂ ਹੋ ਕੇ ਲੰਘੇਗੀ। ਉਨ੍ਹਾਂ ਕਿਹਾ ਕਿ ਗੁਰੂ ਦੀ ਇਸ ਨਗਰੀ ਤੋਂ ਸ਼ੁਰੂ ਹੋਣ ਵਾਲੀ ਇਹ ਯਾਤਰਾ ਹਰ ਖੇਤਰ ਨੂੰ ਜੋੜਨ ਵਿਚ ਕਾਮਯਾਬ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੁਰੂ ਪਰੰਪਰਾ ਰਹੀ ਹੈ, ਯਾਤਰਾ ਇਸੇ ਸੰਦੇਸ਼ ਨੂੰ ਲੈ ਕੇ ਦੂਜੇ ਸੂਬਿਆਂ ਵਿਚ ਵੀ ਜਾਵੇਗੀ। ਕੁੱਲ੍ਹ 2,402 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ' ਸਮਰਸਤਾ ਸੰਕਲਪ ਯਾਤਰਾ' 3 ਦਸੰਬਰ ਨੂੰ ਵਾਰਾਣਸੀ ਪਹੁੰਚੇਗੀ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ। ਇਸ ਯਾਤਰਾ ਦੌਰਾਨ ਸ੍ਰੀ ਗੁਰੂ ਰਵਿਦਾਸ ਜੀ ਦੇ 'ਬੇਗਮਪੁਰਾ' ਅਤੇ ਸਮਾਜਿਕ ਸਮਾਨਤਾ ਦਾ ਸੰਦੇਸ਼ ਜਨ-ਜਨ ਤਕ ਪਹੁੰਚਾਇਆ ਜਾਵੇਗਾ।
ਦੱਸ ਦੇਈਏ ਕਿ ਇਹ ਯਾਤਰਾ ਸਿਰਫ਼ ਪੰਜਾਬ 'ਚ ਨਹੀਂ ਨਿਕਲ ਰਹੀ, ਸਗੋਂ ਪੰਜਾਬ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ, ਹਿਮਾਚਲ, ਉੱਤਰਾਖੰਡ, ਹਰਿਆਣਾ, ਉੱਤਰ ਪ੍ਰਦੇਸ਼ 'ਚ ਜਾਵੇਗੀ। ਇਹ 16 ਦਿਨਾ ਯਾਤਰਾ 7 ਸੂਬਿਆਂ 'ਚੋਂ ਲੰਘਦੀ ਹੋਈ 2402 ਕਿੱਲੋਮੀਟਰ ਦਾ ਸਫ਼ਰ ਤੈਅ ਕਰੇਗੀ। ਇਸ ਦੌਰਾਨ ਉਨ੍ਹਾਂ ਭਾਜਪਾ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਹਾਲਾਤ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਜਿਸ ਦਿਨ ਪੰਜਾਬ 'ਚ ਭਾਜਪਾ ਦੀ ਸਰਕਾਰ ਬਣੇਗੀ, ਪੰਜਾਬ ਵਿਚੋਂ ਨਸ਼ੇ ਨੂੰ ਖ਼ਤਮ ਕੀਤਾ ਜਾਵੇਗਾ।
ਇਸ ਦੌਰਾਨ ਉਨ੍ਹਾਂ ਯਾਤਰਾ ਦੀ ਅਗਵਾਈ ਕਰਨ ਵਾਲੇ ਕੇਵਲ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਬਾਦਲ, ਸੁਸ਼ੀਲ ਰਿੰਕੂ, ਸ਼ੀਤਲ ਅੰਗੂਰਾਲ, ਇਕਬਾਲ ਸਿੰਘ ਲਾਲਪੂਰਾ, ਸੰਦੀਪ ਪਾਠਕ, ਸਤੀਸ਼ ਪੁਨੀਆ ਸਮੇਤ ਮਸੂਚੀ ਲੀਡਰਸ਼ਿਪ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਸੂਬੇ 'ਤੇ ਗ੍ਰਹਿਣ ਲਗਾਉਣ ਦਾ ਕੰਮ ਕੀਤਾ ਹੈ। ਇਥੇ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤੀ ਦਾ ਕੀਤਾ ਸੀ ਪਰ ਉਨ੍ਹਾਂ ਜਵਾਨੀ ਭਟਕਾ ਦਿੱਤੀ।