ਇੰਦੌਰ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਇੰਦੌਰ ਵਿਚ ਐਤਵਾਰ ਰਾਤ ਕਰਵਾਏ ਗਏ ‘ਲਾਈਵ ਕੰਸਰਟ’ ਵਿਚ ਜ਼ਿਲਾ ਬਾਲ ਸੁਰੱਖਿਆ ਅਧਿਕਾਰੀ (ਡੀ. ਸੀ. ਪੀ. ਓ.) ਦੇ ਹੁਕਮਾਂ ਦੇ ਖ਼ਿਲਾਫ ਕਥਿਤ ਤੌਰ ’ਤੇ ‘ਪਟਿਆਲਾ ਪੈੱਗ’ ਗੀਤ ਗਾਏ ਜਾਣ ਨੂੰ ਲੈ ਕੇ ਸੋਮਵਾਰ ਨੂੰ ਵਿਵਾਦ ਖੜ੍ਹਾ ਹੋ ਗਿਆ।
ਡੀ. ਸੀ. ਪੀ. ਓ. ਰਜਨੀਸ਼ ਸਿਨ੍ਹਾ ਨੇ ਇਕ ਸ਼ਿਕਾਇਤ ’ਤੇ 6 ਨਵੰਬਰ ਨੂੰ ਸਥਾਨਕ ਸਮਾਗਮ ਵਾਲੀ ਥਾਂ ਦੇ ਪ੍ਰਬੰਧਕ ਨੂੰ ਪੱਤਰ ਲਿਖ ਕੇ ਹੁਕਮ ਦਿੱਤੇ ਸਨ ਕਿ ਦੋਸਾਂਝ ਦੇ ਪ੍ਰੋਗਰਾਮ ਵਿਚ ‘ਪਟਿਆਲਾ ਪੈੱਗ’, ‘5 ਤਾਰਾ ਠੇਕੇ’, ‘ਜੇਬ ਵਿਚੋਂ ਫੀਮ’ ਅਤੇ ‘ਜੱਟ ਫਾਇਰ ਕਰਦਾ’ ਗੀਤਾਂ ਦੀ ਪੇਸ਼ਕਾਰੀ ਨਾ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ। ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਕਥਿਤ ਤੌਰ ’ਤੇ ਸ਼ਰਾਬ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਇਨ੍ਹਾਂ ਗੀਤਾਂ ਦਾ ਛੋਟੇ ਬੱਚਿਆਂ ’ਤੇ ਗ਼ਲਤ ਪ੍ਰਭਾਵ ਪੈ ਸਕਦਾ ਹੈ।
ਪੰਜਾਬੀ ਗਾਇਕ ਨੇ ਪਾਬੰਦੀਆਂ ’ਤੇ ਨਾਰਾਜ਼ਗੀ ਭਰੇ ਲਹਿਜੇ ਵਿਚ ਕਿਹਾ ਸੀ ਕਿ ਇਹ ਨਹੀਂ ਗਾਉਣਾ.. ਉਹ ਨਹੀਂ ਗਾਉਣਾ। ਇਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਇਸ ਤੋਂ ਤੁਰੰਤ ਬਾਅਦ ਦੋਸਾਂਝ ਨੇ ਰਾਹਤ ਇੰਦੌਰੀ ਦੀ ਇਕ ਮਸ਼ਹੂਰ ਗ਼ਜ਼ਲ ਦੇ ਸ਼ੇਅਰ ਪੜ੍ਹਦਿਆਂ ਕਿਹਾ ਸੀ ਕਿ ‘ਹਮਾਰੇ ਮੂੰਹ ਸੇ ਜੋ ਨਿਕਲੇ ਵਹੀ ਸਦਾਕਤ ਹੈ, ਹਮਾਰੇ ਮੂੰਹ ਮੇਂ ਤੁਮ੍ਹਾਰੀ ਜ਼ੁਬਾਨ ਥੋੜ੍ਹੀ ਹੈ... ਸਭੀ ਕਾ ਖ਼ੂਨ ਸ਼ਾਮਿਲ ਹੈ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੋਸਤਾਨ ਥੋੜ੍ਹੀ ਹੈ।’