ਚੰਡੀਗੜ੍ਹ : ਭਾਜਪਾ ਦੇ ਕੌਮੀ ਮੁੱਖ ਦਫ਼ਤਰ ਇੰਚਾਰਜ ਤੇ ਸੰਸਦ ਮੈਂਬਰ ਤਰੁਣ ਚੁੱਘ ਨੇ ਹੈਦਰਾਬਾਦ ’ਚ ਕਰਵਾਏ ਗਏ ‘ਭਾਰਤ ਸਮਿਟ’ ਦੌਰਾਨ ਵਾਪਰੇ ਘਟਨਾਕ੍ਰਮ ਨੂੰ ਲੈ ਕੇ ਰਾਹੁਲ ਗਾਂਧੀ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਦੀ ਸਿਆਸਤ ਹੁਣ ਵਿਦੇਸ਼ੀ ਮਹਿਮਾਨਾਂ ਸਾਹਮਣੇ ਭਾਰਤ ਦੀਆਂ ਲੋਕਤੰਤਰਿਕ ਸੰਸਥਾਵਾਂ, ਸੰਵਿਧਾਨਕ ਪ੍ਰਣਾਲੀ ਤੇ ਦੇਸ਼ ਦੇ ਅਕਸ ਨੂੰ ਬਦਨਾਮ ਕਰ ਕੇ ਸਿਆਸੀ ਦੋਸ਼ਾਂ ਲਈ ਕੌਮਾਂਤਰੀ ਸਮਰਥਨ ਜੁਟਾਉਣ ਤੱਕ ਸੀਮਤ ਹੋ ਕੇ ਰਹਿ ਗਈ ਹੈ। ਕਾਂਗਰਸ ਨੇ ‘ਭਾਰਤ ਸਮਿਟ’ ਦੇ ਨਾਂ ’ਤੇ ਕਰਵਾਏ ਗਏ ਕੌਮਾਂਤਰੀ ਸਮਾਗਮ ਨੂੰ ਆਪਣੀ ਸਿਆਸੀ ਨਿਰਾਸ਼ਾ ਦਿਖਾਉਣ ਤੇ ਭਾਰਤੀ ਲੋਕਤੰਤਰ ਦੀ ਭਰੋਸੇਯੋਗਤਾ ’ਤੇ ਹਮਲਾ ਕਰਨ ਦਾ ਮੰਚ ਬਣਾ ਦਿੱਤਾ ਹੈ।
ਚੁੱਘ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਵਿਦੇਸ਼ੀ ਨੁਮਾਇੰਦਿਆਂ ਸਾਹਮਣੇ ਭਾਰਤ ਨੂੰ ਅਜਿਹਾ ਦੇਸ਼ ਦਿਖਾਉਣ ਦੀ ਕੋਸ਼ਿਸ਼ ਕਰਨਾ, ਜਿੱਥੇ ਲੋਕਤੰਤਰ ਦੀ ਹੋਂਦ ਹੀ ਨਹੀਂ ਹੈ, ਬੇਹੱਦ ਮੰਦਭਾਗਾ ਹੈ। ਇਸ ਘਟਨਾਕ੍ਰਮ ਦੀ ਹੱਦ ਉਦੋਂ ਹੋ ਗਈ, ਜਦੋਂ ਯੂਰਪੀਅਨ ਸੋਸ਼ਲਿਸਟ ਪਾਰਟੀ ਦੇ ਜਨਰਲ ਸਕੱਤਰ ਜਿਆਕੋਮੋ ਫਿਲੀਬੇਕ ਨੇ ‘ਭਾਰਤ ਸਮਿਟ’ ਦੇ ਮੰਚ ਤੋਂ ਕਾਂਗਰਸ ਦਾ ਨਾਅਰਾ ‘ਵੋਟ ਚੋਰ, ਗੱਦੀ ਛੋੜ’ ਦੁਹਰਾਇਆ ਅਤੇ ਇਸ ਦੌਰਾਨ ਰਾਹੁਲ ਗਾਂਧੀ ਤੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੂੰ ਹੱਸਦੇ ਅਤੇ ਤਾੜੀਆਂ ਵਜਾਉਂਦੇ ਦੇਖਿਆ ਗਿਆ। ਚੁੱਘ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸਮਝਣਾ ਚਾਹੀਦਾ ਹੈ ਕਿ ਕੌਮਾਂਤਰੀ ਮੰਚਾਂ ’ਤੇ ਭਾਰਤ ਨੂੰ ਬਦਨਾਮ ਕਰ ਕੇ ਸੱਤਾ ਹਾਸਲ ਨਹੀਂ ਕੀਤੀ ਜਾ ਸਕਦੀ। ਜੇਕਰ ਉਹ ਸੱਚਮੁੱਚ ਲੋਕਾਂ ਦਾ ਭਰੋਸਾ ਜਿੱਤਣਾ ਚਾਹੁੰਦੇ ਹਨ ਤਾਂ ਵਿਦੇਸ਼ੀ ਮੰਚਾਂ ’ਤੇ ਭਾਰਤ ਵਿਰੁੱਧ ਬਿਰਤਾਂਤ ਸਿਰਜਣ ਦੀ ਬਜਾਏ ਦੇਸ਼ ਦੇ ਪਿੰਡਾਂ ’ਚ ਜਾ ਕੇ ਕਿਸਾਨਾਂ, ਨੌਜਵਾਨਾਂ ਅਤੇ ਆਮ ਲੋਕਾਂ ਦਰਮਿਆਨ ਕੰਮ ਕਰਨ।