ਖਰੜ (ਪ੍ਰੀਤ ਪੱਤੀ) : “ਹਨੇਰੇ ਤੋਂ ਉਜਾਲੇ ਵੱਲ” ਥੀਮ ਤਹਿਤ ਰੋਟਰੀ ਖਰੜ ਵੱਲੋਂ ਪਿਛਲੇ ਕਈ ਸਾਲਾਂ ਤੋਂ ਇੱਕ ਮਹਿੰਮ ਵਿੱਢੀ ਹੋਈ ਹੈ, ਇਸ ਤਹਿਤ ਲੁਧਿਆਣਾ ਦੇ ਮਾਡਲ ਟਾਊਨ ਨਿਵਾਸੀ ਸਵਰਗੀ ਲਤਾ (56) ਧਰਮ ਪਤਨੀ ਸ਼ੁਸੀਲ ਕੁਮਾਰ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਗਈਆਂ । ਇਹ ਜਾਣਕਾਰੀ ਦਿੰਦੇ ਹੋਏ ਰੋਟਰੀ ਜਿਲਾ (3080) ਦੇ ਅਸਿਸਟੈਂਟ ਗਵਰਨਰ ਤੇ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਰੋਟਰੀ ਕਲੱਬ ਨੂੰ ਪਰਵਿੰਦਰ ਸਿੰਘ ਸੈਣੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮੇਰੇ ਦੋਸਤ ਦੀ ਭੈਣ ਜੋ ਕਿ ਪੀ.ਜੀ.ਆਈ ਵਿੱਚ ਦਾਖਲ ਹਨ ਤੇ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਤੇ ਅਸੀਂ ਉਹਨਾਂ ਦੀਆਂ ਅੱਖਾਂ ਦਾਨ ਕਰਵਾਉਣਾ ਚਾਹੁੰਦੇ ਹਾਂ। ਫਿਰ ਰੋਟਰੀ ਕਲੱਬ ਵੱਲੋਂ ਪੀ.ਜੀ.ਆਈ ਅੱਖਾਂ ਦੇ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਨਿਤਿਸ਼ ਕੁਮਾਰ ਦੀ ਅਗਵਾਈ ਵਿੱਚ ਟੀਮ ਨੂੰ ਬੁਲਾਇਆ ਗਿਆ ਤੇ ਫੇਰ ਉੱਥੇ ਉਹਨਾਂ ਦੇ ਭਤੀਜੇ ਹਰਪ੍ਰੀਤ ਸਿੰਘ ਸੰਨੀ ਤੋ ਸਹਿਮਤੀ ਲੈ ਕੇ ਅੱਖਾਂ ਲੈਣ ਦੀ ਪ੍ਰੀਕਿਰਿਆ ਨੂੰ ਪੂਰਾ ਕੀਤਾ । ਕਲੱਬ ਦੇ ਪ੍ਰਧਾਨ ਹਿੰਮਤ ਸਿੰਘ ਸੈਣੀ ਤੇ ਸਕੱਤਰ ਸੁਖਵਿੰਦਰ ਸਿੰਘ ਸੋਨੂੰ ਨੇ ਪਰਿਵਾਰ ਦੇ ਇਨਸਾਨੀਅਤ ਖਾਤਰ ਇਸ ਜਜਬੇ ਨੂੰ ਸਲਾਮ ਕੀਤਾ ਹੈ । ਇੱਥੇ ਇਹ ਵੀ ਜਿਕਰਯੋਗ ਹੈ ਕਿ ਰੋਟਰੀ ਕਲੱਬ ਹੁਣ ਤੱਕ ਮਰਨ ਉਪਰੰਤ 75 ਪਰਿਵਾਰਾਂ ਨੂੰ ਪ੍ਰੇਰਿਤ ਕਰਕੇ ਅੱਖਾਂ ਦਾਨ ਕਰਵਾ ਚੁੱਕਾ ਹੈ ਤੇ ਹੁਣ 150 ਲੋਕ ਇਸ ਖੁਬਸੂਰਤ ਦੁਨੀਆਂ ਨੂੰ ਦੇਖ ਰਹੇ ਹਨ ।