ਨਵੀਂ ਦਿੱਲੀ : ਰੈਬਿਜ (Rabies) ਇਕ ਖਤਰਨਾਕ ਬੀਮਾਰੀ ਹੈ, ਜਿਸ ਕਾਰਨ ਭਾਰਤ 'ਚ ਹਰ ਸਾਲ ਲਗਭਗ 5,700 ਲੋਕ ਆਪਣੀ ਜਾਨ ਗਵਾ ਬੈਠਦੇ ਹਨ। ਇਹ ਅੰਕੜਾ ਸਿਹਤ ਪ੍ਰਣਾਲੀ ਲਈ ਇਕ ਵੱਡੀ ਚੁਣੌਤੀ ਹੈ। ਇਹ ਬੀਮਾਰੀ ਆਮ ਤੌਰ 'ਤੇ ਕੁੱਤੇ ਦੇ ਵੱਢਣ ਤੋਂ ਫੈਲਦੀ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤ ਸਰਕਾਰ ਨੇ ਐਲਾਨ ਕੀਤਾ ਹੈ ਕਿ 2030 ਤੱਕ ਰੈਬਿਜ ਨਾਲ ਹੋਣ ਵਾਲੀਆਂ ਮੌਤਾਂ ਨੂੰ ਜ਼ੀਰੋ ਕਰਨ ਦਾ ਟੀਚਾ ਪੂਰਾ ਕਰਨ ਲਈ ਸਿਹਤ ਦ੍ਰਿਸ਼ਟੀਕੋਣ ਅਪਣਾਏ ਜਾਣ ਦੀ ਲੋੜ ਹੈ।
ਇਸ ਲਈ ਦੇਸ਼ ਦੇ ਹਰ ਹਿੱਸੇ ਵਿਚ ਆਸਾਨੀ ਨਾਲ ਰੈਬਿਜ ਤੋਂ ਬਚਾਅ ਦਾ ਟੀਕਾ ਮਿਲਣ ਸਮੇਤ ਲੋਕਾਂ ਨੂੰ ਜਾਗਰੂਕ ਕਰਨ 'ਤੇ ਵੀ ਖਾਸ ਧਿਆਨ ਦੇਣਾ ਹੋਵੇਗਾ। ਰੈਬਿਜ ਕਾਰਨ ਹੋਣ ਵਾਲੀਆਂ ਮੌਤਾਂ 'ਚ 75% ਦੀ ਕਮੀ ਆਈ ਹੈ। ICMR- ਇੰਸਟੀਚਿਊਟ ਆਫ਼ ਐਪੀਡੈਮਿਓਲੋਜੀ (NIE) ਨੇ ਇਕ ਅਧਿਐਨ ਵਿੱਚ ਇਹ ਮਹੱਤਵਪੂਰਨ ਗੱਲ ਕਹੀ ਹੈ। ਇੰਸਟੀਚਿਊਟ ਨੇ ਆਪਣੇ ਅਧਿਐਨ ਦੇ ਅੰਕੜਿਆਂ 'ਚ ਕਿਹਾ ਹੈ ਕਿ ਭਾਰਤ ਵਿਚ ਹਰ ਸਾਲ ਲਗਭਗ 5700 ਮੌਤਾਂ ਰੈਬੀਜ਼ ਕਾਰਨ ਹੁੰਦੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਹਰ ਸਾਲ ਜਾਨਵਰਾਂ ਦੇ ਵੱਢਣ ਦੀਆਂ 90 ਲੱਖ ਤੋਂ ਵੱਧ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਵਿਚੋਂ ਦੋ ਤਿਹਾਈ ਕੁੱਤਿਆਂ ਦੇ ਵੱਢਣ ਕਾਰਨ ਹੁੰਦੀਆਂ ਹਨ।
ਕਿਵੇਂ ਫੈਲਦੀ ਹੈ ਰੈਬਿਜ?
ਜਦੋਂ ਕੋਈ ਪਾਗਲ ਜਾਨਵਰ (ਜੋ ਰੈਬਿਜ ਨਾਲ ਪੀੜਤ ਹੋਵੇ) ਕਿਸੇ ਵਿਅਕਤੀ ਨੂੰ ਵੱਢਦਾ ਹੈ, ਤਾਂ ਇਹ ਵਾਇਰਸ ਸਿੱਧਾ ਨਰਵ ਸਿਸਟਮ ਵਿਚ ਦਾਖ਼ਲ ਹੋ ਜਾਂਦਾ ਹੈ। ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ, ਤਾਂ ਇਹ ਮੌਤ ਦਾ ਕਾਰਨ ਬਣ ਸਕਦਾ ਹੈ। ਭਾਰਤ ਵਿਚ ਹਰ ਸਾਲ ਰੈਬਿਜ ਨਾਲ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਕੁੱਤੇ ਦੇ ਵੱਢਣ ਕਾਰਨ ਹੁੰਦੀਆਂ ਹਨ।
ਸਰਕਾਰੀ ਉਪਰਾਲੇ
ਭਾਰਤ ਸਰਕਾਰ ਨੇ National Action Plan for Rabies Elimination (NAPRE) ਲਾਗੂ ਕੀਤਾ ਹੈ, ਜਿਸਦਾ ਮੁੱਖ ਉਦੇਸ਼ ਹੈ:
-ਆਵਾਰਾ ਕੁੱਤਿਆਂ ਦਾ ਟੀਕਾਕਰਨ
-ਜਨਤਾ ਵਿਚ ਜਾਗਰੂਕਤਾ ਮੁਹਿੰਮ
-ਇਨਸਾਨੀ ਰੈਬੀਜ਼ ਟੀਕਿਆਂ ਦੀ ਉਪਲਬਧਤਾ
-ਕੁੱਤੇ ਦੇ ਕੱਟਣ ਦੀ ਸਥਿਤੀ ਵਿਚ ਤੁਰੰਤ ਇਲਾਜ ਦੀ ਸਹੂਲਤ
ਕੀ ਕਰ ਸਕਦੇ ਹਾਂ ਅਸੀਂ?
-ਜੇਕਰ ਕੋਈ ਜਾਨਵਰ ਕੱਟ ਲਵੇ ਤਾਂ ਜ਼ਖਮ ਨੂੰ ਤੁਰੰਤ ਸਾਬਣ ਅਤੇ ਪਾਣੀ ਨਾਲ ਧੋਵੋ।
-ਰੈਬੀਜ਼ ਵਿਰੁੱਧ ਟੀਕਾ ਲਗਵਾਉਣਾ ਜ਼ਰੂਰੀ ਹੈ।
-ਆਪਣੇ ਘਰੇਲੂ ਪਸ਼ੂਆਂ ਨੂੰ ਟੀਕੇ ਲਗਵਾਉਣਾ ਨਾ ਭੁੱਲੋ।
-ਆਵਾਰਾ ਜਾਨਵਰਾਂ ਤੋਂ ਸਾਵਧਾਨ ਰਹੋ।
ਸਰਕਾਰ ਅਤੇ ਸਿਹਤ ਵਿਭਾਗ ਚੌਕਸ
ਭਾਰਤੀ ਸਰਕਾਰ ਨੇ 2030 ਤੱਕ ਦੇਸ਼ ਨੂੰ ਰੈਬੀਜ਼ ਮੁਕਤ ਬਣਾਉਣ ਦਾ ਟੀਚਾ ਰੱਖਿਆ ਹੈ। ਇਸ ਦੇ ਲਈ ਨਿਯਮਤ ਟੀਕਾਕਰਨ, ਜਾਗਰੂਕਤਾ ਮੁਹਿੰਮਾਂ ਅਤੇ ਆਵਾਰਾ ਕੁੱਤਿਆਂ ਦੀ ਸੰਭਾਲ ਵਲ ਧਿਆਨ ਦਿੱਤਾ ਜਾ ਰਿਹਾ ਹੈ।