ਖਰੜ (ਪ੍ਰੀਤ ਪੱਤੀ) : “ਹਨੇਰੇ ਤੋਂ ਉਜਾਲੇ ਵੱਲ” ਥੀਮ ਤਹਿਤ ਸਥਾਨਕ ਰੋਟਰੀ ਕਲੱਬ ਵੱਲੋਂ ਪਿਛਲੇ ਕਈ ਸਾਲਾਂ ਤੋਂ ਲੋੜਵੰਦ ਲੋਕਾਂ ਲਈ ਅੱਖਾਂ ਦਾਨ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਤਹਿਤ ਸ਼ਿਵਾਲਿਕ ਸਿਟੀ ਨਿਵਾਸੀ ਸਵਰਗੀ ਸਵਰਨ ਸਿੰਘ (78 ਸਾਲ) ਦੀਆਂ ਬੀਤੀ ਸ਼ਾਮ ਅੱਖਾਂ ਦਾਨ ਕਰਵਾਈਆਂ ਗਈਆਂ। ਇਹ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਰੋਟਰੀ ਕਲੱਬ ਨੂੰ ਭੁਪਿੰਦਰ ਸਿੰਘ, ਸਕੱਤਰ ਗੁਰੂਦੁਆਰਾ ਗੁਰਕ੍ਰਿਪਾ ਸਾਹਿਬ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਵਰਨ ਸਿੰਘ ਦੀ ਮੌਤ ਹੋ ਗਈ ਹੈ ਤੇ ਉਹਨਾਂ ਦਾ ਪਰਿਵਾਰ ਅੱਖਾਂ ਦਾਨ ਕਰਵਾਉਣੀਆਂ ਚਾਹੁੰਦੇ ਹਨ । ਫੇਰ ਰੋਟਰੀ ਕਲੱਬ ਦੀ ਟੀਮ ਉਨ੍ਹਾਂ ਦੇ ਘਰ ਪੁੱਜੀ ਤੇ ਉਹਨਾਂ ਦੇ ਬੇਟੇ ਹਰਜਾਪ ਸਿੰਘ ਦੀ ਸਹਿਮਤੀ ਲੈ ਕੇ ਪੀ.ਜੀ.ਆਈ ਤੋਂ ਅਮ੍ਰਿੰਤਪਾਲ ਸਿੰਘ ਦੀ ਅਗਵਾਰੀ ਵਿੱਚ ਟੀਮ ਨੂੰ ਬੁਲਾਇਆ ਗਿਆ । ਉਹਨਾਂ ਨੇ ਘਰ ਆਕੇ ਅੱਖਾਂ ਲੈਣ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ । ਕਲੱਬ ਦੇ ਪ੍ਰਧਾਨ ਹਿੰਮਤ ਸਿੰਘ ਸੈਣੀ ਤੇ ਸਕੱਤਰ ਸੁਖਵਿੰਦਰ ਸਿੰਘ ਲੌਗੀਆ ਨੇ ਪਰਿਵਾਰ ਦੇ ਜ਼ਜਬੇ ਨੂੰ ਨਮਨ ਕੀਤਾ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਭ ਨੂੰ ਇਸ ਪੁੰਨ ਦੇ ਕੰਮ ਵਾਸਤੇ ਅੱਗੇ ਆਉਣਾ ਚਾਹੀਦਾ ਹੈ । ਰੋਟਰੀ ਕਲੱਬ ਹੁਣ ਤੱਕ ਮਰਨ ਉਪਰੰਤ ਪਰਿਵਾਰਾਂ ਨੂੰ ਮੋਟੀਵੇਟ ਕਰਕੇ 82 ਲੋਕਾਂ ਦੀਆਂ ਅੱਖਾਂ ਦਾਨ ਕਰਵਾ ਚੁੱਕਾ ਹੈ ਤੇ ਹੁਣ 164 ਲੋਕ ਇਸ ਹਸੀਨ ਦੁਨੀਆਂ ਨੂੰ ਦੇਖ ਪਾ ਰਹੇ ਹਨ । ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਇੱਕ ਬੰਦੇ ਦੀਆਂ ਅੱਖਾਂ 2 ਲੋੜਵੰਦ ਲੋਕਾਂ ਨੂੰ ਚੜਾਈਆਂ ਜਾਂਦੀਆਂ ਹਨ ।