ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆ ਵਿਚ ਮੀਂਹ ਕਾਰਨ ਸ਼ੁੱਕਰਵਾਰ ਨੂੰ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸਥਾਨਕ ਮੌਸਮ ਵਿਗਿਆਨ ਕੇਂਦਰ ਨੇ 22, 23, 25 ਅਤੇ 26 ਜੂਨ ਨੂੰ ਰਾਜ ਦੇ ਕੁਝ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਭਾਰੀ ਬਾਰਿਸ਼ ਲਈ 'ਔਰੇਂਜ ਅਲਰਟ' ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਧਰਮਸ਼ਾਲਾ-ਚਤਰੋ-ਗੱਗਲ ਸੜਕ 'ਤੇ ਆਵਾਜਾਈ ਵਿੱਚ ਵਿਘਨ ਪਿਆ ਹੈ ਅਤੇ ਸੜਕ ਨੂੰ ਮੁੜ ਖੋਲ੍ਹਣ ਦਾ ਕੰਮ ਜਾਰੀ ਹੈ। ਇਸ ਦੇ ਨਾਲ ਹੀ, ਉੱਪਰੀ ਸ਼ਿਮਲਾ ਖੇਤਰ ਵਿੱਚ ਤੌਨੀ-ਹਟਕੋਟੀ ਸੜਕ ਦਾ ਇੱਕ ਹਿੱਸਾ ਵੀ ਜ਼ਮੀਨ ਖਿਸਕਣ ਕਾਰਨ ਨੁਕਸਾਨਿਆ ਗਿਆ ਹੈ।
ਪੰਡੋਹ ਦੇ ਸ਼ਹੀਦ ਇੰਦਰ ਸਿੰਘ ਮਿਡਲ ਸਕੂਲ ਵਿੱਚ ਵੀ ਪਾਣੀ ਭਰਨ ਦੀਆਂ ਰਿਪੋਰਟਾਂ ਆਈਆਂ ਹਨ, ਜਿਸ ਕਾਰਨ ਵਿਦਿਆਰਥੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਐਤਵਾਰ, ਸੋਮਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਕੁਝ ਥਾਵਾਂ 'ਤੇ ਬਹੁਤ ਜ਼ਿਆਦਾ ਮੀਂਹ ਪੈਣ ਲਈ 'ਆਰੇਂਜ਼ ਅਲਰਟ' ਅਤੇ ਮੰਗਲਵਾਰ ਲਈ 'ਯੈਲੋ ਚੇਤਾਵਨੀ' ਜਾਰੀ ਕੀਤਾ ਹੈ। ਸੂਬੇ ਵਿੱਚ ਸਭ ਤੋਂ ਵੱਧ ਮੀਂਹ ਨਾਹਨ ਵਿੱਚ 84.7 ਮਿਲੀਮੀਟਰ ਦਰਜ ਕੀਤਾ ਗਿਆ, ਇਸ ਤੋਂ ਬਾਅਦ ਪੰਡੋਹ ਵਿੱਚ 35 ਮਿਲੀਮੀਟਰ, ਸਲੱਪਰ ਵਿੱਚ 26.3 ਮਿਲੀਮੀਟਰ, ਸਰਾਹਨ ਵਿੱਚ 20.5 ਮਿਲੀਮੀਟਰ, ਪਾਉਂਟਾ ਸਾਹਿਬ ਵਿੱਚ 19.8 ਮਿਲੀਮੀਟਰ, ਜੋਗਿੰਦਰਨਗਰ ਵਿੱਚ 19 ਮਿਲੀਮੀਟਰ, ਪਛਾਦ ਵਿੱਚ 17.2 ਮਿਲੀਮੀਟਰ, ਰਾਮਪੁਰ ਵਿੱਚ 15.6 ਮਿਲੀਮੀਟਰ ਅਤੇ ਗੋਹਰ ਵਿੱਚ 15 ਮਿਲੀਮੀਟਰ ਮੀਂਹ ਪਿਆ।
ਸੁੰਦਰਨਗਰ, ਸ਼ਿਮਲਾ ਅਤੇ ਕਾਂਗੜਾ ਵਿੱਚ ਗਰਜ-ਤੂਫ਼ਾਨ ਆਇਆ, ਜਦੋਂ ਕਿ ਬਜੌਰਾ ਵਿੱਚ 37 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਮੱਧ ਅਤੇ ਹੇਠਲੇ ਪਹਾੜੀ ਖੇਤਰਾਂ ਵਿੱਚ ਭਾਰੀ ਬਾਰਸ਼ ਕਾਰਨ ਜ਼ਮੀਨ ਖਿਸਕਣ, ਚਿੱਕੜ ਖਿਸਕਣ, ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ, ਕਮਜ਼ੋਰ ਢਾਂਚਿਆਂ ਨੂੰ ਅੰਸ਼ਕ ਨੁਕਸਾਨ, ਫਿਸਲਣ ਵਾਲੀਆਂ ਸੜਕਾਂ 'ਤੇ ਵਾਹਨਾਂ ਦੇ ਫਿਸਲਣ ਅਤੇ ਦ੍ਰਿਸ਼ਟੀ ਵਿੱਚ ਕਮੀ ਆ ਸਕਦੀ ਹੈ। ਭਵਿੱਖਬਾਣੀ ਅਨੁਸਾਰ, ਅਗਲੇ ਦੋ ਤੋਂ ਤਿੰਨ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ।