ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਆ ਰਹੀਆਂ ਕੁਦਰਤੀ ਆਫ਼ਤਾਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੇ ਐਤਵਾਰ ਨੂੰ ਨਾਗਰਿਕਾਂ ਵਿਚ ਵਾਤਾਵਰਣ ਜਾਗਰੂਕਤਾ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵੱਡੇ ਪੱਧਰ 'ਤੇ ਜੰਗਲਾਂ ਦੀ ਕਟਾਈ ਅਤੇ ਅਨਿਯਮਿਤ ਵਿਕਾਸ ਸਥਿਤੀ ਨੂੰ ਹੋਰ ਵਿਗੜ ਰਹੇ ਹਨ। ਜੇਕਰ ਅਸੀਂ ਹੁਣ ਸੁਧਾਰਾਤਮਕ ਉਪਾਅ ਨਹੀਂ ਕੀਤੇ, ਤਾਂ ਕੁਦਰਤ ਜਵਾਬੀ ਹਮਲਾ ਕਰਦੀ ਰਹੇਗੀ। ਰਾਜਪਾਲ ਨੇ ਸੂਬੇ ਦੇ ਨਾਜ਼ੁਕ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਇਕ ਵਿਆਪਕ ਅਤੇ ਟਿਕਾਊ ਰਣਨੀਤੀ ਤਿਆਰ ਕਰਨ ਦੇ ਉਦੇਸ਼ ਨਾਲ ਅੰਤਰ-ਵਿਭਾਗੀ ਸਲਾਹ-ਮਸ਼ਵਰੇ ਦਾ ਸੱਦਾ ਦਿੱਤਾ।
ਰਾਜਪਾਲ ਨੇ ਆਫ਼ਤ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਮੰਡੀ ਜ਼ਿਲ੍ਹੇ ਲਈ ਰਾਹਤ ਸਮੱਗਰੀ ਲੈ ਕੇ ਜਾਣ ਵਾਲੇ ਤਿੰਨ ਟਰੱਕਾਂ ਨੂੰ ਹਰੀ ਝੰਡੀ ਦਿਖਾਈ। ਸਟੇਟ ਰੈੱਡ ਕਰਾਸ ਸੋਸਾਇਟੀ ਰਾਹੀਂ ਭੇਜੀ ਗਈ ਰਾਹਤ ਸਮੱਗਰੀ ਵਿਚ 540 ਕੰਬਲ, 500 ਤਰਪਾਲਾਂ, ਕੱਪੜੇ ਦੇ 20 ਡੱਬੇ, ਰਸੋਈ ਦਾ ਸਾਮਾਨ, ਬਾਲਟੀਆਂ ਅਤੇ ਹੋਰ ਜ਼ਰੂਰੀ ਘਰੇਲੂ ਸਮਾਨ ਸ਼ਾਮਲ ਹੈ। ਇਸ ਮੌਕੇ ਬੋਲਦਿਆਂ ਰਾਜਪਾਲ ਸ਼ੁਕਲਾ ਨੇ ਥੁਨਾਗ ਅਤੇ ਆਲੇ-ਦੁਆਲੇ ਦੇ ਖੇਤਰਾਂ 'ਚ ਹੋਏ ਭਾਰੀ ਨੁਕਸਾਨ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ, ਜਿਸ ਵਿਚ ਖਰਾਬ ਹੋਈਆਂ ਸੜਕਾਂ, ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹ ਸ਼ਾਮਲ ਹਨ, ਜਿਨ੍ਹਾਂ ਨੇ ਸੜਕ ਸੰਪਰਕ ਨੂੰ ਵਿਗਾੜ ਦਿੱਤਾ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਹਥਿਆਰਬੰਦ ਬਲਾਂ, ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐੱਨ. ਡੀ. ਆਰ. ਐਫ) ਅਤੇ ਸੂਬਾ ਆਫ਼ਤ ਪ੍ਰਤੀਕਿਰਿਆ ਬਲ (ਐੱਸ. ਡੀ. ਆਰ. ਐੱਫ) ਟੀਮਾਂ ਦੀ ਬਚਾਅ ਅਤੇ ਰਾਹਤ ਕਾਰਜਾਂ ਵਿਚ ਅਣਥੱਕ ਮਿਹਨਤ ਲਈ ਸ਼ਲਾਘਾ ਕੀਤੀ। ਰਾਜਪਾਲ ਨੇ ਲੋਕਾਂ ਨੂੰ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।