ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਦੇ ਨਵੇਂ ਮੁਖੀ ਏਅਰ ਚੀਫ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਕਿਹਾ ਹੈ ਕਿ ਲੜਾਕੂ ਸਕੁਐਡਰਨ ਦੀ ਪ੍ਰਵਾਨਤ ਤਾਕਤ ਨੂੰ ਬਹਾਲ ਕਰਨਾ, ਜਹਾਜ਼ਾਂ ਤੇ ਹਥਿਆਰ ਪ੍ਰਣਾਲੀਆਂ ’ਚ ਸਵੈ-ਨਿਰਭਰਤਾ ਨੂੰ ਅੱਗੇ ਵਧਾਉਣਾ ਤੇ ਫੌਜ ਦੇ ਤਿੰਨਾਂ ਅੰਗਾਂ ਦਰਮਿਆਨ ਤਾਲਮੇਲ ਨੂੰ ਯਕੀਨੀ ਬਣਾਉਣਾ ਉਨ੍ਹਾਂ ਦੀਆਂ ਪ੍ਰਮੁੱਖ ਤਰਜੀਹਾਂ ਹੋਣਗੀਆਂ। ਹਵਾਈ ਫੌਜ ਨੂੰ ਹਮੇਸ਼ਾ ਜੰਗ ਲੜਨ ਤੇ ਜਿੱਤਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਹਵਾਈ ਫੌਜ ਦੇ 29ਵੇਂ ਮੁਖੀ ਵਜੋਂ ਅਹੁਦਾ ਸੰਭਾਲਣ ਤੋਂ ਇਕ ਦਿਨ ਬਾਅਦ ਐਤਵਾਰ ਏਅਰ ਚੀਫ ਮਾਰਸ਼ਲ ਦੀਕਸ਼ਿਤ ਨੇ ‘ਵਾਯੂ’ ਦੇ ਸੰਖੇਪ ਨਾਂ ਹੇਠ ਆਪਣੇ ਮੁੱਖ ਤਰਜੀਹੀ ਖੇਤਰਾਂ ਦੀ ਰੂਪਰੇਖਾ ਦੱਸੀ। ਉਨ੍ਹਾਂ ਇਸ ਰਾਹੀਂ ਆਪਣੇ ਉਸ ਦ੍ਰਿਸ਼ਟੀਕੋਣ ਨੂੰ ਸਪੱਸ਼ਟ ਕੀਤਾ ਜਿਸ ’ਚ ਚੌਕਸੀ ਤੇ ਸੰਚਾਲਨ ਦੀ ਤਿਆਰੀ, ਸਵੈ-ਨਿਰਭਰਤਾ, ਰਣਨੀਤਕ ਨਵੀਨਤਾ ਤੇ ਫੌਜ ਦੇ ਤਿੰਨਾਂ ਅੰਗਾਂ ਦਰਮਿਆਨ ਸਾਂਝੇ ਯਤਨਾਂ ’ਚ ਤਾਲਮੇਲ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਸਾਡਾ ਸੁਰੱਖਿਆ ਦ੍ਰਿਸ਼ ਚੁਣੌਤੀਪੂਰਨ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਡਰੋਨ, ਲੰਬੀ ਦੂਰੀ ਤਕ ਮਾਰ ਕਰਨ ਵਾਲੇ ਹਥਿਆਰ, ਸਪੇਸ, ਸਾਈਬਰ, ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਵਰਗੀਆਂ ਨਵੀਆਂ ਤਕਨਾਲੋਜੀਆਂ ਤੇ ਪ੍ਰਣਾਲੀਆਂ ਜੰਗ ਦੀ ਕਿਸਮ ਨੂੰ ਬਦਲ ਰਹੀਆਂ ਹਨ। ‘ਵਾਯੂ’ ਦ੍ਰਿਸ਼ਟੀਕੋਣ ਦੇ ਚਾਰ ਥੰਮ੍ਹਾਂ ਬਾਰੇ ਦੱਸਦਿਆਂ ਹਵਾਈ ਫੌਜ ਦੇ ਮੁਖੀ ਨੇ ਕਿਹਾ ਕਿ ਭਾਰਤੀ ਹਵਾਈ ਭੌਜ ਦੀ ਲੜਾਈ ਸਮਰੱਥਾ ਨੂੰ ਪ੍ਰਵਾਨਿਤ ਪੱਧਰ ’ਤੇ ਬਹਾਲ ਕਰਨਾ ਵੀ ਉਨ੍ਹਾਂ ਦੀ ਪ੍ਰਮੁੱਖ ਪਹਿਲ ਹੋਵੇਗੀ।