ਭੀਖੀ (ਨਵੀਨ ਕੁਮਾਰ ਸਿੰਗਲਾ) : ਸ਼ਹਿਰ ਦੀ ਰਾਮਬਾਗ ਰੋਡ ਅਤੇ ਗੁਰਦੁਆਰਾ ਸਾਹਿਬ ਰੋਡ ਦੇ ਨਵੀਨੀਕਰਨ ਦਾ ਕੰਮ ਅੱਧ ਵਿਚਕਾਰ ਲਮਕਣ ਕਾਰਨ ਸ਼ਹਿਰਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰਦੁਆਰਾ ਸਾਹਿਬ ਰੋਡ ‘ਤੇ ਪੀ.ਸੀ. ਵਰਕ ਨੂੰ ਪੂਰਾ ਨਾ ਕੀਤੇ ਜਾਣ ਕਾਰਨ ਜਿਥੇ ਇਥੋਂ ਦੇ ਨਿਵਾਸੀਆਂ ਅਤੇ ਰਾਹਗੀਰਾਂ ਨੂੰ ੳੱੁਡਦੀ ਧੂੜ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ ਉਥੇ ਦੋਵੇਂ ਸੜਕਾਂ ਦੀਆਂ ਸਾਇਡਾਂ ਨੀਵੀਆਂ ਰਹਿ ਜਾਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਦਿੱਕਤ ਪੇਸ਼ ਆ ਰਹੀ ਹੈ ਅਤੇ ਨਿੱਤ ਦਿਨ ਕੋਈ ਨਾ ਕੋਈ ਹਾਦਸਾ ਵਾਪਰਿਆ ਰਹਿੰਦਾ ਹੈ। ਗੁਰਦੁਆਰਾ ਸਾਹਿਬ ਰੋਡ ਦੇ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਲੱਗਭੱਗ 1 ਮਹੀਨੇ ਤੋਂ ਇਸ ਸੜਕ ਦਾ ਕੰਮ ਬੰਦ ਪਿਆ ਹੈ ਅਤੇ ਗਰਮੀ ਦੇ ਮੌਸਮ ਅਤੇ ਤੇਜ਼ ਹਵਾਵਾਂ ਕਾਰਨ ਸੜਕਾਂ ਤੋਂ ਉੱਡਦੀ ਧੂੜ ਨੇ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਧੂੜ ਕਾਰਨ ਉਨ੍ਹਾਂ ਦੇ ਸਮਾਨ ਨੂੰ ਨੁਕਸਾਨ ਪਹੁੰਚ ਰਿਹਾ ਹੈ, ਜਦਕਿ ਰਾਹਗੀਰਾਂ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਦੀ ਸ਼ੁਰੂਆਤ ਤਾਂ ਵੱਡੇ ਦਾਅਵਿਆਂ ਨਾਲ ਕੀਤੀ ਗਈ ਸੀ, ਪਰ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨਾਂ ਕਿਹਾ ਕਿ ਵਿਕਾਸ ਦੇ ਨਾਮ 'ਤੇ ਸ਼ੁਰੂ ਹੋਏ ਕੰਮ ਲੋਕਾਂ ਲਈ ਸਹੂਲਤ ਦੀ ਬਜਾਏ ਮੁਸੀਬਤ ਦਾ ਕਾਰਨ ਬਣ ਰਹੇ ਹਨ। ਉਨਾਂ ਕਿਹਾ ਕਿ ਇਹ ਸ਼ਹਿਰ ਦਾ ਮੱੁਖ ਰਸਤਾ ਹੋਣ ਕਾਰਨ ਇਸ ਸੜਕ ‘ਤੇ ਭਾਰੀ ਆਵਾਜਾਈ ਰਹਿੰਦੀ ਹੈ ਅਤੇ ਸੜਕ ਦੀਆਂ ਸਾਇਡਾਂ ਨੀਵੀਆਂ ਹੋਣ ਕਾਰਨ ਇਥੇ ਆਏ ਦਿਨ ਵਹੀਕਲ ਚਾਲਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਜਦੋਂ ਕੋਈ ਵਾਹਨ ਸੜਕ ਤੋਂ ਹੇਠਾਂ ਉਤਰ ਜਾਂਦਾ ਹੈ ਤਾਂ ਉਸ ਨੂੰ ਮੁੜ ਸੜਕ 'ਤੇ ਚੜ੍ਹਾਉਣ ਸਮੇਂ ਟਾਇਰਾਂ, ਅਲਾਇਮੈਂਟ ਅਤੇ ਸਸਪੈਂਸ਼ਨ ਨੂੰ ਨੁਕਸਾਨ ਪਹੁੰਚਦਾ ਹੈ। ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਲਈ ਇਹ ਸਮੱਸਿਆ ਹੋਰ ਵੀ ਗੰਭੀਰ ਬਣੀ ਹੋਈ ਹੈ। ਅਚਾਨਕ ਸੰਤੁਲਨ ਵਿਗੜਨ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਇਸ ਕਾਰਨ ਛੋਟੇ-ਵੱਡੇ ਹਾਦਸੇ ਵੀ ਵਾਪਰ ਚੁੱਕੇ ਹਨ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਅਧੂਰੇ ਪਏ ਕੰਮ ਨੂੰ ਜਲਦੀ ਪੂਰਾ ਕੀਤਾ ਜਾਵੇ ਅਤੇ ਸੜਕਾਂ ਦੀਆਂ ਸਾਈਡਾਂ 'ਤੇ ਤੁਰੰਤ ਮਿੱਟੀ ਪਾ ਕੇ ਅਤੇ ਟਾਇਲਾਂ ਲਗਾ ਕੇ ਸੜਕ ਦੇ ਪੱਧਰ ਦੇ ਬਰਾਬਰ ਕੀਤਾ ਜਾਵੇ, ਤਾਂ ਜੋ ਵਾਹਨਾਂ ਦੇ ਨੁਕਸਾਨ ਅਤੇ ਸੰਭਾਵਿਤ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਧਰ ਜਦੋਂ ਇਸ ਸਬੰਧੀ ਠੇਕੇਦਾਰ ਕਪਿਲ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਸੜਕ ਦਾ 80 ਪ੍ਰਤੀਸ਼ਤ ਕੰਮ ਮੁਕੰਮਲ ਹੋ ਚੁੱਕਾ ਹੈ ਪ੍ਰੰਤੂ ਵਿਭਾਗ ਵਲੋਂ ਅਜੇ ਕੋਈ ਅਦਾਇਗੀ ਨਾ ਕੀਤੇ ਜਾਣ ਕਾਰਨ ਕੰਮ ਨੂੰ ਬੰਦ ਕੀਤਾ ਗਿਆ ਸੀ ਅਤੇ ਅਦਾਇਗੀ ਹੋਣ ‘ਤੇ ਕੰਮ ਨੂੰ ਮੁਕੰਮਲ ਕਰ ਦਿੱਤਾ ਜਾਵੇਗਾ। ਜਦੋਂ ਇਸ ਸਬੰਧੀ ਨਗਰ ਪੰਚਾਇਤ ਭੀਖੀ ਦੇ ਜੇ.ਈ. ਰਾਕੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਸਬੰਧਤ ਠੇਕੇਦਾਰ ਨੂੰ ਜਲਦੀ ਹੀ ਅਦਾਇਗੀ ਕਰਕੇ ਪੀ.ਸੀ. ਵਰਕ ਮੁਕੰਮਲ ਕਰਵਾਇਆ ਜਾਵੇਗਾ। ਜਦੋਂ ਉਨਾਂ ਨੂੰ ਸੜਕ ਦੀਆਂ ਸਾਇਡਾਂ ਦਾ ਪੱਧਰ ਬਰਾਬਰ ਕਰਨ ਸਬੰਧੀ ਪੱੁਛਿਆ ਗਿਆ ਤਾਂ ਉਨਾਂ ਕਿਹਾ ਕਿ ਇਸ ਕੰਮ ਲਈ ਅਲੱਗ ਟੈਂਡਰ ਖੋਲ਼ਿਆ ਜਾਵੇਗਾ ਅਤੇ ਸਾਇਡਾਂ ‘ਤੇ ਬਣੇ ਨਿਕਾਸੀ ਨਾਲੇ ਬੰਦ ਕਰਕੇ ਪਾਇਪਾਂ ਪਾਈਆਂ ਜਾਣਗੀਆਂ ਜਿਸ ਤੋਂ ਬਾਅਦ ਸਾਇਡਾਂ ਨੂੰ ਸੜਕ ਦੇ ਪੱਧਰ ਦੇ ਬਰਾਬਰ ਕੀਤਾ ਜਾਵੇਗਾ।