ਅਮਰਾਵਤੀ : ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ 'ਚ ਵਰੁੜ-ਰਾਜੁਰਾ ਮਾਰਗ 'ਤੇ ਇਕ ਦਰਦਨਾਕ ਹਾਦਸੇ 'ਚ ਬੱਸ ਅਤੇ ਆਟੋ ਰਿਕਸ਼ਾ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਸਕੂਲੀ ਵਿਦਿਆਰਥਣ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਵਰੁੜ ਪੁਲਸ ਅਨੁਸਾਰ, ਇਹ ਹਾਦਸਾ ਬੁੱਧਵਾਰ ਨੂੰ ਉਸ ਸਮੇਂ ਹੋਇਆ, ਜਦੋਂ ਮਹਾਰਾਸ਼ਟਰ ਸਟੇਟ ਸੜਕ ਟਰਾਂਸਪੋਰਟ ਨਿਗਮ ਦੀ ਬੱਸ ਵਰੁੜ ਤੋਂ ਤਾਲੇਗਾਂਵ ਹੁੰਦੇ ਹੋਏ ਵਰਧਾ ਜਾ ਰਹੀ ਸੀ। ਟੱਕਰ ਇੰਨੀ ਭਿਆਨਕ ਸੀ ਕਿ ਆਟੋ ਰਿਕਸ਼ਾ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।
ਹਾਦਸੇ 'ਚ ਆਟੋ ਚਾਲਕ ਕੈਲਾਸ਼ ਘਨਸ਼ਿਆਮ ਨਾਗਦਿਵੇ (42), ਯਾਤਰੀ ਚਿੰਤਾਮਨ ਨਾਗਦਿਵੇ (60), ਮਾਹੀ ਮੰਗੁਲਕਰ (13) ਅਤੇ ਹਰਿਭਾਊ ਸ਼ਿੰਦੇ (83) ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਕ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਰਾਜਕੁਮਾਰ ਭਲਾਵੀ (55) ਨੂੰ ਇਲਾਜ ਲਈ ਨਾਗਪੁਰ ਦੇ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਹਾਦਸੇ 'ਚ ਜ਼ਖ਼ਮੀ 2 ਹੋਰ ਔਰਤਾਂ, ਪ੍ਰਤਿਭਾ ਲਾਡ ਅਤੇ ਮੋਹਿਨੀ ਭੋਰੇ ਦਾ ਫਿਲਹਾਲ ਨਾਗਪੁਰ 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਬੱਸ ਚਾਲਕ ਨਿਖਿਲ ਰਾਮਭਾਊ ਵਾਰਥੀ (26) ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ।