ਖਰੜ (ਪ੍ਰੀਤ ਪੱਤੀ) : ਹਨੇਰੇ ਤੋਂ ਉਜਾਲੇ ਵੱਲ ਥੀਮ ਤਹਿਤ ਰੋਟਰੀ ਕਲੱਬ ਖਰੜ ਵੱਲੋਂ ਸੰਤੇ ਮਾਜਰਾ ਦੀ ਇੱਕ ਹੋਰ ਸ਼ਖਸ਼ੀਅਤ ਸਵਰਗੀ ਜਗਦੀਪ ਸਿੰਘ (86) ਦੀਆਂ ਬੀਤੀ ਸ਼ਾਮ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਗਈਆਂ । ਇਹ ਜਾਣਕਾਰੀ ਸਾਂਝੀ ਕਰਦੇ ਹੋਏ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਰੋਟਰੀ ਕਲੱਬ ਨੂੰ ਵਾਰਡ ਨੰ.17 ਦੇ ਮੌਜੂਦਾ ਕੌਸਲਰ ਕਰਮਜੀਤ ਕੌਰ ਦੇ ਪਤੀ ਸੁਰਮੁੱਖ ਸਿੰਘ ਸਾਬਕਾ ਕੌਸਲਰ ਨੇ ਜਾਣਕਾਰੀ ਦਿੱਤੀ ਕਿ ਮੇਰੇ ਬਜੁਰਗ ਪਿਤਾ ਦਾ ਦੇਹਾਂਤ ਹੋ ਗਿਆ ਹੈ ਤੇ ਅਸੀਂ ਉਹਨਾਂ ਦੀਆਂ ਅੱਖਾਂ ਦਾਨ ਕਰਵਾਉਣਾ ਚਾਹੁੰਦੇ ਹਾਂ । ਫੇਰ ਰੋਟਰੀ ਕਲੱਬ ਦੀ ਟੀਮ ਉਹਨਾਂ ਦੇ ਘਰ ਪੁੱਜੀ ਤੇ ਪਰਿਵਾਰ ਦੀ ਲਿਖਤ ਸਹਿਮਤੀ ਲੈ ਕੇ ਅੱਖਾਂ ਦੇ ਵਿਭਾਗ ਪੀ.ਜੀ.ਆਈ ਤੋਂ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਟੀਮ ਨੂੰ ਬੁਲਾਇਆ ਗਿਆ । ਉਹਨਾਂ ਨੇ ਘਰ ਪਹੁੰਚ ਕੇ ਅੱਖਾਂ ਲੈਣ ਦੀ ਪ੍ਰੀਕਿਰਿਆ ਨੂੰ ਸਿਰੇ ਚੜਾਇਆ । ਰੋਟਰੀ ਕਲੱਬ ਦੇ ਪ੍ਰਧਾਨ ਹਿੰਮਤ ਸਿੰਘ ਸੈਣੀ ਤੇ ਸਕੱਤਰ ਸੁਖਵਿੰਦਰ ਸਿੰਘ ਸੋਨੂੰ ਨੇ ਮਨੁੱਖਤਾ ਖਾਤਰ ਪਰਿਵਾਰ ਦੇ ਜਜਬੇ ਨੂੰ ਨਮਨ ਕੀਤਾ ਹੈ । ਇੱਥੇ ਇਹ ਵੀ ਦੱਸ ਦੇਈਏ ਕਿ ਰੋਟਰੀ ਕਲੱਬ ਮਰਨ ਉਪਰੰਤ ਪਰਿਵਾਰਾਂ ਨੂੰ ਮੋਟੀਵੇਟ ਕਰਕੇ ਹੁਣ ਤੱਕ 77 ਲੋਕਾਂ ਦੀਆਂ ਅੱਖਾਂ ਦਾਨ ਕਰਵਾ ਚੁੱਕਾ ਹੈ ਤੇ ਹੁਣ 154 ਲੋਕ ਇਸ ਖੂਬਸੂਰਤ ਦੁਨੀਆਂ ਦਾ ਲੁਤਫ ਉਠਾ ਰਹੇ ਹਨ । ਸਵ. ਜਗਦੀਪ ਸਿੰਘ ਦੀ ਅੰਤਿਮ ਅਰਦਾਸ 19 ਸਤੰਬਰ ਦਿਨ ਸੁਕਰਵਾਰ ਦੁਪਹਿਰ 12.00 ਤੋਂ 1.00 ਵਜੇ ਗੁਰੂਦੁਆਰਾ ਸੰਤ ਸਰੋਵਰ ਸੰਤੇ ਮਾਜਰਾ (ਖਰੜ) ਵਿਖੇ ਹੋਵੇਗੀ ।