ਕਪੂਰਥਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਕ ਬਹੁਤ ਹੀ ਭਾਵੁਕ ਸਪੀਚ ਰਾਹੀਂ ਆਪਣੀ ਮੌਜੂਦਾ ਹਾਲਤ ਅਤੇ ਸਮਾਜਿਕ ਵਤੀਰੇ 'ਤੇ ਡੂੰਘੀ ਚੋਟ ਕੀਤੀ ਹੈ। ਪਿਛਲੇ ਪੰਜ ਮਹੀਨਿਆਂ ਤੋਂ ਬੀਮਾਰੀ ਨਾਲ ਜੂਝ ਰਹੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸਿਹਤ ਠੀਕ ਨਾ ਹੋਣ ਕਾਰਨ ਉਹ ਇੰਨੇ ਲੰਬੇ ਸਮੇਂ ਤੋਂ ਆਪਣੇ ਘਰੋਂ ਬਾਹਰ ਨਹੀਂ ਨਿਕਲ ਸਕੇ। ਬੀਬੀ ਜਗੀਰ ਕੌਰ ਨੇ ਸੱਤਾ ਅਤੇ ਮਾੜੇ ਸਮੇਂ ਦੇ ਅੰਤਰ ਨੂੰ ਬਿਆਨ ਕਰਦਿਆਂ ਕਿਹਾ ਕਿ ਜਦੋਂ ਇਨਸਾਨ ਕੋਲ ਪਾਵਰ ਹੁੰਦੀ ਹੈ ਤਾਂ ਸਾਰੀ ਦੁਨੀਆ ਉਸ ਦੇ ਪਿੱਛੇ ਹੁੰਦੀ ਹੈ ਪਰ ਦੁੱਖ ਦੇ ਸਮੇਂ ਬਹੁਤ ਹੀ ਵਿਰਲੇ ਲੋਕ ਬਾਤ ਪੁੱਛਦੇ ਹਨ।
ਉਨ੍ਹਾਂ ਨੇ ਮਹਿਸੂਸ ਕੀਤਾ ਕਿ ਅੱਜ ਦੇ ਦੌਰ ਵਿਚ ਲੋਕ ਜਾਂ ਤਾਂ ਆਪਣੇ ਕੰਮਾਂ-ਕਾਰਾਂ ਵਿਚ ਬਹੁਤ ਜ਼ਿਆਦਾ ਰੁੱਝੇ ਹੋਏ ਹਨ ਜਾਂ ਫਿਰ ਸਰਕਾਰੀ ਗ੍ਰਾਂਟਾਂ ਨਾਲ ਬੱਝੇ ਹੋਏ ਹਨ, ਜਿਸ ਕਾਰਨ ਉਹ ਦੂਜਿਆਂ ਦੇ ਦੁੱਖ-ਸੁੱਖ ਤੋਂ ਦੂਰ ਹੋ ਰਹੇ ਹਨ। ਬੀਬੀ ਜਗੀਰ ਕੌਰ ਨੇ ਭਾਵੁਕ ਹੁੰਦਿਆਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਕਰਨ।