ਮੋਹਾਲੀ : ਮੋਹਾਲੀ ਦੇ ਫੇਜ਼-3ਬੀ2 'ਚ ਸਥਿਤ ਇਕ ਜਿੰਮ 'ਚ ਵਰਕਆਊਟ ਦੌਰਾਨ 23 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਮੁਕੇਸ਼ ਵਾਸੀ ਸੈਕਟਰ-56 ਚੰਡੀਗੜ੍ਹ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਜਿੰਮ 'ਚ ਮੌਜੂਦ ਲੋਕਾਂ ਅਤੇ ਪਰਿਵਾਰ 'ਚ ਸੋਗ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਮੁਕੇਸ਼ ਰੋਜ਼ਾਨਾ ਦੀ ਤਰ੍ਹਾਂ ਜਿੰਮ 'ਚ ਆਪਣਾ ਵਰਕਆਊਟ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ਦੀ ਸਿਹਤ ਵਿਗੜ ਗਈ।
ਮੌਕੇ 'ਤੇ ਮੌਜੂਦ ਲੋਕਾਂ ਦੇ ਮੁਤਾਬਕ ਉਸ ਨੂੰ ਚੱਕਰ ਆਉਣ ਲੱਗੇ ਅਤੇ ਕੁੱਝ ਹੀ ਪਲਾਂ 'ਚ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਜਿੰਮ 'ਚ ਮੌਜੂਦ ਉਸ ਦੇ ਦੋਸਤਾਂ ਅਤੇ ਹੋਰ ਲੋਕਾਂ ਨੇ ਤੁਰੰਤ ਉਸ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੁੱਝ ਮਹੀਨੇ ਪਹਿਲਾਂ ਹੀ ਮੁਕੇਸ਼ ਦਾ ਵਿਆਹ ਹੋਇਆ ਸੀ ਅਤੇ ਹੁਣ ਉਸ ਦੇ ਘਰ ਮਾਤਮ ਛਾ ਗਿਆ ਹੈ। ਉਸ ਦੀ ਮੌਤ ਕਾਰਨ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਮੁਕੇਸ਼ ਦੀ ਮੌਤ ਦਾ ਕਾਰਨ ਕੀ ਸੀ, ਇਸ ਬਾਰੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਫਿਲਹਾਲ ਮੁਕੇਸ਼ ਦੀ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਰਿਵਾਰ ਅਤੇ ਪੁਲਸ ਵਲੋਂ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।