ਭੀਖੀ (ਨਵੀਨ ਕੁਮਾਰ ਸਿੰਗਲਾ) : ਬੀਤੀ ਸ਼ਾਮ ਸੁਨਾਮ ਰੋਡ ‘ਤੇ ਬਹਾਦਰ ਸਿੰਘ ਵਾਲਾ ਡਰੇਨ ਦੇ ਨਜਦੀਕ ਇੱਕ ਅਣਪਛਾਤੇ ਵਾਹਨ ਵਲੋਂ ਮੋਟਰਸਾਇਕਲ ਰੇਹੜੀ ਨੂੰ ਟੱਕਰ ਮਾਰੇ ਜਾਣ ਨਾਲ 2 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਹਮੀਰਗੜ੍ਹ ਢੈਪਈ ਦੇ ਨਿਵਾਸੀ ਰਣਇੰਦਰ ਸਿੰਘ (18) ਪੱੁਤਰ ਝੰਡਾ ਸਿੰਘ ਅਤੇ ਸੁਖਵੀਰ ਸਿੰਘ (18) ਪੁੱਤਰ ਮੱਖਣ ਸਿੰਘ ਆਪਣੇ ਮੋਟਰਸਾਇਕਲ ‘ਤੇ ਪਿਛੇ ਲਗਾਈ ਰੇਹੜੀ ਵਿੱਚ ਭੀਖੀ ਤੋਂ ਕੂਲਰ ਲੈਕੇ ਪਿੰਡ ਹਮੀਰਗੜ੍ਹ ਢੈਪਈ ਵੱਲ ਜਾ ਰਹੇ ਸਨ ਤਾਂ ਅਚਾਨਕ ਡਰੇਨ ਪੁਲ ਕੋਲ ਸੁਨਾਮ ਵੱਲ ਜਾ ਰਹੇ ਇੱਕ ਅਣਪਛਾਤੇ ਵਾਹਨ ਨੇ ਉਨਾਂ ਨੂੰ ਪਿਛੋਂ ਟੱਕਰ ਮਾਰ ਦਿੱਤੀ ਅਤੇ ਵਾਹਨ ਚਾਲਕ ਮੌਕੇ ਤੋਂ ਵਾਹਨ ਸਮੇਤ ਫਰਾਰ ਹੋ ਗਿਆ। ਮੋਟਰਸਾਇਕਲ ਸਵਾਰਾਂ ਨੂੰ ਸਥਾਨਕ ਲੋਕਾਂ ਵਲੋਂ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਭੇਜਿਆ ਗਿਆ ਜਿਥੇ ਉਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮਰਹੂਮ ਸੁਖਬੀਰ ਸਿੰਘ ਤਿੰਨ ਭੈਣਾਂ ਦਾ ਇੱਕਲੌਤਾ ਭਰਾ ਸੀ ਜਦੋਂ ਕਿ ਰਣਇੰਦਰ ਸਿੰਘ ਹੋਰੀਂ 2 ਭਰਾ ਸਨ। ਭੀਖੀ ਪੁਲਿਸ ਦੇ ਏ.ਐਸ.ਆਈ. ਗੁਰਚਰਨ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਨੂੰ ਵਾਰਿਸਾਂ ਨੂੰ ਸੋਂਪ ਦਿੱਤਾ ਗਿਆ।