ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮਿਆਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਦੇ ਮੰਤਵ ਨਾਲ ਸਥਾਪਿਤ ਕੀਤੇ ਗਏ ਆਮ ਆਦਮੀ ਕਲੀਨਿਕ ਅੱਜ ਸੂਬੇ ਦੀ ਸਿਹਤ ਕ੍ਰਾਂਤੀ ਦੇ ਮਜ਼ਬੂਤ ਥੰਮ੍ਹ ਸਾਬਤ ਹੋ ਰਹੇ ਹਨ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਫਲਤਾਪੂਰਵਕ ਚੱਲ ਰਹੇ 22 ਆਮ ਆਦਮੀ ਕਲੀਨਿਕ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮੁਫ਼ਤ ਇਲਾਜ, ਦਵਾਈਆਂ, ਲੈਬ ਟੈਸਟਾਂ ਅਤੇ ਸਿਹਤ ਸਲਾਹ-ਮਸ਼ਵਰੇ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਲੋਕ-ਪੱਖੀ ਪਹਿਲ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚਾਉਣ ਵਿੱਚ ਮੀਲ ਪੱਥਰ ਸਾਬਤ ਹੋਈ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ 112 ਕਿਸਮਾਂ ਦੀਆਂ ਮੁਫ਼ਤ ਦਵਾਈਆਂ ਅਤੇ 47 ਤਰ੍ਹਾਂ ਦੇ ਡਾਇਗਨੌਸਟਿਕ ਟੈਸਟ ਬਿਲਕੁੱਲ ਮੁਫ਼ਤ ਉਪਲਬੱਧ ਕਰਵਾਏ ਜਾ ਰਹੇ ਹਨ, ਜਿਸ ਨਾਲ ਆਮ ਲੋਕਾਂ ਦੇ ਇਲਾਜ 'ਤੇ ਹੋਣ ਵਾਲੇ ਖਰਚੇ ਵਿੱਚ ਵੱਡੀ ਕਮੀ ਆਈ ਹੈ।
ਡਾ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਸਿਰਫ਼ ਆਮ ਬਿਮਾਰੀਆਂ ਦਾ ਇਲਾਜ ਹੀ ਨਹੀਂ, ਸਗੋਂ ਗੈਰ-ਸੰਚਾਰੀ ਰੋਗਾਂ ਦੀ ਸਕ੍ਰੀਨਿੰਗ, ਐਂਟੀ-ਰੇਬੀਜ਼ ਟੀਕਾਕਰਨ, ਕੁਪੋਸ਼ਣ ਦੀ ਪਛਾਣ ਅਤੇ ਇਲਾਜ, ਮਾਤਾ ਅਤੇ ਬਾਲ ਸਿਹਤ ਸੇਵਾਵਾਂ ਸਮੇਤ ਕਈ ਮਹੱਤਵਪੂਰਨ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਸਥਾਪਿਤ ਆਮ ਆਦਮੀ ਕਲੀਨਿਕਾਂ ਨੇ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਹੋਰ ਵਧਾਇਆ ਹੈ ਅਤੇ ਲੋਕਾਂ ਦਾ ਸਰਕਾਰੀ ਸਿਹਤ ਪ੍ਰਣਾਲੀ 'ਤੇ ਵਿਸ਼ਵਾਸ ਮਜ਼ਬੂਤ ਕੀਤਾ ਹੈ। “ਅੱਜ ਲੋਕ ਆਪਣੇ ਨੇੜਲੇ ਆਮ ਆਦਮੀ ਕਲੀਨਿਕ ਵਿੱਚ ਹੀ ਮਾਹਿਰ ਡਾਕਟਰੀ ਸਲਾਹ, ਮੁਫ਼ਤ ਦਵਾਈਆਂ ਅਤੇ ਜਾਂਚਾਂ ਦੀ ਸਹੂਲਤ ਪ੍ਰਾਪਤ ਕਰ ਰਹੇ ਹਨ, ਜਿਸ ਨਾਲ ਸਮੇਂ ਅਤੇ ਪੈਸੇ ਦੋਵਾਂ ਦੀ ਬੱਚਤ ਹੋ ਰਹੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਬਲਾਕ ਸੁੱਜੋਂ ਅਧੀਨ ਸੁੱਜੋਂ, ਖਟਕੜ ਕਲਾਂ, ਕਟਾਰੀਆਂ, ਫਰਾਲਾ ਅਤੇ ਬਹਿਰਾਮ ਵਿਖੇ ਪੰਜ ਆਮ ਆਦਮੀ ਕਲੀਨਿਕ ਚੱਲ ਰਹੇ ਹਨ। ਸਿਹਤ ਬਲਾਕ ਸੜੋਆ ਅਧੀਨ ਸਹਿਬਾ ਅਤੇ ਪੋਜੇਵਾਲ ਵਿਖੇ ਦੋ ਕਲੀਨਿਕ ਕਾਰਜਸ਼ੀਲ ਹਨ। ਸਿਹਤ ਬਲਾਕ ਮੁਜ਼ੱਫਰਪੁਰ ਅਧੀਨ ਭਾਰਟਾ ਖੁਰਦ, ਜੱਬੋਵਾਲ, ਜਾਡਲਾ ਅਤੇ ਰਾਹੋਂ ਵਿਖੇ ਚਾਰ ਕਲੀਨਿਕ ਲੋਕਾਂ ਦੀ ਸੇਵਾ ਕਰ ਰਹੇ ਹਨ। ਇਸੇ ਤਰ੍ਹਾਂ ਸਿਹਤ ਬਲਾਕ ਮੁਕੰਦਪੁਰ ਅਧੀਨ ਔੜ, ਕਮਾਮ ਅਤੇ ਖਾਨਖਾਨਾ ਵਿਖੇ ਤਿੰਨ ਕਲੀਨਿਕ ਚੱਲ ਰਹੇ ਹਨ, ਜਦਕਿ ਸਿਹਤ ਬਲਾਕ ਬਲਾਚੌਰ ਅਧੀਨ ਟਕਾਰਲਾ, ਪਨਿਆਲੀ, ਕਾਠਗੜ੍ਹ ਅਤੇ ਬਲਾਚੌਰ ਅਰਬਨ ਵਿਖੇ ਚਾਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ। ਅਰਬਨ ਬੰਗਾ ਅਧੀਨ ਇੱਕ ਅਤੇ ਅਰਬਨ ਨਵਾਂਸ਼ਹਿਰ ਅਧੀਨ ਮੋਤਾ ਸਿੰਘ ਨਗਰ, ਕੁਲਾਮ ਗੇਟ ਅਤੇ ਪੰਡੋਰਾ ਮੁਹੱਲਾ ਵਿਖੇ ਤਿੰਨ ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ।
ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਹਰ ਨਾਗਰਿਕ ਤੱਕ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਨੂੰ ਪਹੁੰਚਾਉਣਾ ਹੈ ਅਤੇ ਆਮ ਆਦਮੀ ਕਲੀਨਿਕ ਇਸ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਸਾਬਤ ਹੋਏ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਆਮ ਆਦਮੀ ਕਲੀਨਿਕ ਵਿੱਚ ਉਪਲਬਧ ਮੁਫ਼ਤ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਵਿੱਚ ਭਾਗੀਦਾਰ ਬਣਨ।