ਨਵੀਂ ਦਿੱਲੀ : ਦੇਸ਼ ਦੀ ਇਕਾਨਮੀ ਨੂੰ ਲੈ ਕੇ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੇ ਪ੍ਰਧਾਨ ਸੰਜੀਵ ਪੁਰੀ ਨੇ ਕਿਹਾ ਹੈ ਕਿ ਚਾਲੂ ਵਿੱਤੀ ਸਾਲ ’ਚ ਭਾਰਤ ਦੀ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) 6.5 ਫੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਹੈ।
ਪੁਰੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਨੂੰ ਵਧਦੀਆਂ ਵਪਾਰ ਰੁਕਾਵਟਾਂ ਦੀ ਪਿਛੋਕੜ ’ਚ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਪ੍ਰਮੁੱਖ ਵਪਾਰਕ ਭਾਈਵਾਲਾਂ ਨਾਲ ਦੋਪੱਖੀ ਵਪਾਰ ਸਮਝੌਤੇ ਕਰਨਾ ਚਾਹੀਦਾ ਹੈ। ਊਰਜਾ, ਟਰਾਂਸਪੋਰਟ, ਧਾਤੂ, ਰਸਾਇਣ ਅਤੇ ਪ੍ਰਾਹੁਣਚਾਰੀ ਵਰਗੇ ਵੱਖ-ਵੱਖ ਖੇਤਰਾਂ ’ਚ ਨਿੱਜੀ ਨਿਵੇਸ਼ ਵਧ ਰਿਹਾ ਹੈ। ਪੁਰੀ ਨੇ ਕਿਹਾ ਕਿ ਮੌਜੂਦਾ ਭੂ-ਰਾਜਨੀਤਿਕ ਬੇਯਕੀਨੀਆਂ ਨਿਵੇਸ਼ ’ਚ ਕੁਝ ਚੌਕਸੀ ਲਿਆ ਸਕਦੀਆਂ ਹਨ।
ਵਿਆਜ ਦਰਾਂ ’ਚ ਕਮੀ ਨਾਲ ਮਿਲੇਗੀ ਸਪੋਰਟ
ਭਾਰਤ ਲਈ ਆਰਥਿਕ ਵਾਧਾ ਅੰਦਾਜ਼ੇ ’ਤੇ ਪੁਰੀ ਨੇ ਕਿਹਾ ਕਿ ਅਸੀਂ 6.5 ਫੀਸਦੀ ਦੀ ਦਰ ਨਾਲ ਵਾਧੇ ਦੀ ਉਮੀਦ ਕਰ ਰਹੇ ਹਾਂ। ਸਾਡਾ ਮੰਨਣਾ ਹੈ ਕਿ ਇਹ ਗਿਣਤੀ ਮੌਲਿਕ ਰੂਪ ਨਾਲ ਹਾਸਲ ਕੀਤੀ ਜਾ ਸਕਦੀ ਹੈ ਕਿਉਂਕਿ ਸਚਾਈ ਇਹ ਹੈ ਕਿ ਅਸੀਂ ਇਕ ਉਚਿਤ ਰੂਪ ਨਾਲ ਚੰਗੀ ਨੀਂਹ, ਮਜ਼ਬੂਤ ਆਰਥਿਕ ਆਧਾਰ ਦੇ ਨਾਲ ਸ਼ੁਰੂਆਤ ਕਰ ਰਹੇ ਹਾਂ। ਕਾਰਣਾਂ ਦੇ ਬਾਰੇ ’ਚ ਵਿਸਥਾਰ ਨਾਲ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਹਾਲ ਦੇ ਦਿਨਾਂ ’ਚ ਵਿਆਜ ਦਰਾਂ ’ਚ ਕਮੀ ਆਈ ਹੈ। ਮਹਿੰਗਾਈ ਨਰਮ ਹੁੰਦੀ ਜਾ ਰਹੀ ਹੈ।
ਜਨਤਕ ਅਤੇ ਨਿੱਜੀ ਖੇਤਰ ’ਚ ਨਿਵੇਸ਼ ਵਧਿਆ
1 ਅਪ੍ਰੈਲ ਤੋਂ ਨਿੱਜੀ ਆਮਦਨ ਕਰ ’ਚ ਛੋਟ ਮਿਲ ਰਹੀ ਹੈ। ਪਿਛਲੇ ਸਾਲ ਦੇ ਦੂਜੇ ਅੱਧ ’ਚ ਜਨਤਕ ਅਤੇ ਨਿੱਜੀ ਖੇਤਰ ’ਚ ਨਿਵੇਸ਼ ਵਧਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਈ ਪ੍ਰਮੁੱਖ ਅਰਥਵਿਵਸਥਾਵਾਂ ’ਤੇ ਪ੍ਰਸਤਾਵਿਤ ਉੱਚ ਟੈਰਿਫ ਅਤੇ ਕੌਮਾਂਤਰੀ ਪੱਧਰ ’ਤੇ ਵਧਦੇ ਸੁਰੱਖਿਆਵਾਦ ਦੇ ਟਰੈਂਡ ’ਤੇ ਪੁਰੀ ਨੇ ਸਵੀਕਾਰ ਕੀਤਾ ਕਿ ਇਸ ਸਮੇਂ ਵਪਾਰ ’ਚ ਜ਼ਿਆਦਾ ਤੋਂ ਜ਼ਿਆਦਾ ਰੁਕਾਵਟਾਂ ਆ ਰਹੀਆਂ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਭਾਰਤ ਨੂੰ ਦੋਪੱਖੀ ਵਪਾਰ ਸਮਝੌਤੇ ਕਰਨੇ ਚਾਹੀਦੇ ਹਨ, ਜੋ ਆਪਸੀ ਰੂਪ ਨਾਲ ਲਾਭਕਾਰੀ ਹੋਣ ਅਤੇ ਰਾਸ਼ਟਰੀ ਹਿੱਤ ’ਚ ਹੋਣ। ਇਹੀ ਵਜ੍ਹਾ ਹੈ ਕਿ ਭਾਰਤ ਜਿਨ੍ਹਾਂ ਦੇਸ਼ਾਂ ਦੀ ਨਕਲ ਕਰ ਰਿਹਾ ਹੈ ਅਤੇ ਉਨ੍ਹਾਂ ’ਚੋਂ ਵੱਡੇ ਦੇਸ਼ ਅਮਰੀਕਾ ਅਤੇ ਯੂਰਪੀ ਸੰਘ ਹਨ, ਉਹ ਮਹੱਤਵਪੂਰਨ ਹੈ।
ਦੋਪੱਖੀ ਵਪਾਰ ਸਮਝੌਤੇ ਕਾਫੀ ਅਹਿਮ
ਪੁਰੀ ਨੇ ਕਿਹਾ ਕਿ ਸਾਨੂੰ ਰਾਸ਼ਟਰੀ ਹਿੱਤ ਦੇ ਦ੍ਰਿਸ਼ਟੀਕੋਣ ਨਾਲ ਜੋ ਕੁਝ ਵੀ ਕਰਨਾ ਹੈ, ਉਹ ਕਰਨਾ ਚਾਹੀਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਸਭ ਤੋਂ ਮਹੱਤਵਪੂਰਨ ਇਹ ਦੋਪੱਖੀ ਵਪਾਰ ਸਮਝੌਤੇ ਹਨ। ਉਨ੍ਹਾਂ ਨੇ ਮੁਕਾਬਲੇਬਾਜ਼ੀ ਵਧਾਉਣ ਹੇਤੂ ਕੁਝ ਖੇਤਰਾਂ ਲਈ ਤਿੰਨ-ਪੱਧਰੀ ਟੈਰਿਫ ਆਰਕੀਟੈਕਚਰ ਦੇ ਨਿਰਮਾਣ ਦੀ ਵੀ ਸਿਫਾਰਿਸ਼ ਕੀਤੀ। ਸੀ. ਆਈ. ਆਈ. ਪ੍ਰਧਾਨ ਨੇ ਵਿਕਾਸ ਅਤੇ ਮੁਕਾਬਲੇਬਾਜ਼ੀ ਦੇ ਘਰੇਲੂ ਚਾਲਕਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀਬਾੜੀ, ਪੌਣ-ਪਾਣੀ ਤਬਦੀਲੀ ਅਤੇ ਅਨੁਕੂਲਣ ’ਤੇ ਬਹੁਤ ਕੰਮ ਕੀਤੇ ਜਾਣ ਦੀ ਲੋੜ ਹੈ।
ਭਾਰਤ ਨੇ ਪਾਕਿਸਤਾਨ ’ਚ ਅੱਤਵਾਦੀਆਂ ਨੂੰ ਸਜ਼ਾ ਦੇ ਕੇ ਸਹੀ ਕੰਮ ਕੀਤਾ
ਪੁਰੀ ਨੇ ਕਿਹਾ ਕਿ ਭਾਰਤ ਨੇ ਨਿਰਦੋਸ਼ ਨਾਗਰਿਕਾਂ ਦੀ ਹੱਤਿਆ ਕਰਨ ਵਾਲੇ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਸਜ਼ਾ ਦੇਣ ਲਈ ਠੀਕ ਕੰਮ ਕੀਤਾ ਹੈ ਅਤੇ ਉਦਯੋਗ ਜਗਤ ਸਰਕਾਰ ਦੇ ਨਾਲ ਮਜ਼ਬੂਤੀ ਨਾਲ ਖਡ਼੍ਹਾ ਹੈ, ਜੋ ਇਹ ਯਕੀਨੀ ਕਰਨ ਲਈ ਜ਼ਰੂਰੀ ਹੈ ਕਿ ਦੇਸ਼ ਦੀ ਆਰਥਿਕ ਤਰੱਕੀ ਬਣੀ ਰਹੇ। ਪੁਰੀ ਨੇ ਕਿਹਾ ਕਿ ਸਰਕਾਰ ਜੋ ਕਰ ਰਹੀ ਹੈ, ਉਹ ਬਿਲਕੁੱਲ ਠੀਕ ਹੈ । ਇਹ ਵਿਚਾਰ ਅਸਲ ’ਚ ਸਰਕਾਰ ਵੱਲੋਂ ਹਮੇਸ਼ਾ ਕਹੇ ਗਏ ਉਸ ਕਥਨ ਨਾਲ ਮੇਲ ਖਾਂਦਾ ਹੈ ਕਿ ‘ਅੱਤਵਾਦ ਲਈ ਜ਼ਿੰਮੇਦਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।’