ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ 'ਪੰਚ ਤੀਰਥ ਯਾਤਰਾ' ਲਈ ਬੱਸਾਂ ਨੂੰ ਹਰੀ ਝੰਡੀ ਦਿੱਤੀ। ਇਸ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਸ ਘੜੀ ਦੀ ਉਡੀਕ ਕਰ ਰਹੇ ਹਨ ਕਿ ਸੂਬੇ 'ਚ ਕਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਵੇਗੀ। ਭਾਜਪਾ ਦੇ ਐੱਸ. ਸੀ. ਮੋਰਚੇ ਵਲੋਂ 12 ਸਾਲਾ ਪੂਰੇ ਹੋਣ ਮੌਕੇ 'ਪੰਚ ਤੀਰਥ ਯਾਤਰਾ' ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤੀਰਥ ਯਾਤਰਾ ਦੀ ਇਹ ਯੋਜਨਾ ਡਾ. ਬੀ. ਆਰ. ਅੰਬੇਡਕਰ ਜੀ ਦੇ ਜੀਵਨ ਨਾਲ ਜੁੜੀ ਹੋਈ ਹੈ।
ਕੇਵਲ ਸਿੰਘ ਢਿੱਲੋਂ ਨੇ ਇਸ ਤੀਰਥ ਯਾਤਰਾਂ ਲਈ ਜਾਣ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਦਿੱਤੀ। ਉਨ੍ਹਾਂ ਕਿਹਾ ਕਿ ਡਾ. ਬਾਬਾ ਸਾਹਿਬ ਦੇ 5 ਤੀਰਥ ਸਥਾਨਾਂ ਲਈ ਇਹ ਬੱਸਾਂ ਰਵਾਨਾ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਬਾਬਾ ਸਾਹਿਬ ਦੇ 5 ਤੀਰਥ ਸਥਾਨਾਂ 'ਤੇ 2000 ਕਰੋੜ ਤੋਂ ਵੱਧ ਪੈਸਾ ਲਾ ਕੇ ਇਨ੍ਹਾਂ ਨੂੰ ਵਿਕਸਿਤ ਕੀਤਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਾਡੇ ਸਮਾਜ ਲਈ ਬਹੁਤ ਵੱਡੀ ਸੋਚ ਰੱਖਦੇ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਹਨ। ਇਸ ਲਈ ਇਹ ਬੱਸਾਂ ਅੱਜ ਰਵਾਨਾ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਬੱਸਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦਾ ਖਾਣ-ਪੀਣ ਅਤੇ ਰਹਿਣ ਦਾ ਸਾਰਾ ਖ਼ਰਚਾ ਪਾਰਟੀ ਵਲੋਂ ਚੁੱਕਿਆ ਜਾਵੇਗਾ।