ਫਗਵਾੜਾ : ਫਗਵਾੜਾ ਸ਼ਹਿਰ 'ਚ ਚੜ੍ਹਦੀ ਸਵੇਰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਹਾਈਵੇਅ ਉੱਤੇ ਪਰਾਲੀ ਨਾਲ ਭਰੀਆਂ ਦੋ ਟਰਾਲੀਆਂ ਸੜਕ ਵਿਚਕਾਰ ਹੀ ਪਲਟ ਗਈਆਂ, ਜਿਸ ਕਾਰਨ ਲੰਮਾ ਜਾਮ ਲੱਗ ਗਿਆ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਜਾਣਕਾਰੀ ਅਨੁਸਾਰ ਇਹ ਹਾਦਸਾ ਫਗਵਾੜਾ ਦੀਆਂ ਕਚਹਿਰੀਆਂ ਦੇ ਸਾਹਮਣੇ ਸਥਿਤ ਫਲਾਈਓਵਰ ਉੱਪਰ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਪਰਾਲੀ ਲੈ ਕੇ ਜਾ ਰਹੇ ਟਰੈਕਟਰ-ਟਰਾਲੀ ਨੂੰ ਇਕ ਤੇਜ਼ ਰਫ਼ਤਾਰ ਟਰੱਕ ਨੇ ਸਾਈਡ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਦੋਵੇਂ ਟਰਾਲੀਆਂ ਸੜਕ ਉੱਤੇ ਪਲਟ ਗਈਆਂ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਦੀਪੂ ਨਾਮਕ ਨੌਜਵਾਨ ਨੇ ਦੱਸਿਆ ਕਿ ਉਹ ਜਲੰਧਰ ਤੋਂ ਫਿਲੌਰ ਵੱਲ ਪਰਾਲੀ ਲੈ ਕੇ ਜਾ ਰਹੇ ਸਨ। ਜਿਵੇਂ ਹੀ ਉਹ ਫਗਵਾੜਾ ਦੇ ਫਲਾਈਓਵਰ ਉੱਪਰ ਪਹੁੰਚੇ ਤਾਂ ਇੱਕ ਟਰੱਕ ਨੇ ਉਨ੍ਹਾਂ ਦੀਆਂ ਟਰਾਲੀਆਂ ਨੂੰ ਸਾਈਡ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਉੱਧਰ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਟਰੈਫਿਕ ਪੁਲਸ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ ਵੱਲੋਂ ਫਿਲੌਰ ਜਾ ਰਹੀਆਂ ਦੋ ਟਰਾਲੀਆਂ ਟਰੱਕ ਦੀ ਟੱਕਰ ਕਾਰਨ ਪਲਟ ਗਈਆਂ ਸਨ ਅਤੇ ਹਾਦਸੇ ਵਿੱਚ ਟਰੈਕਟਰ ਚਾਲਕਾਂ ਦਾ ਵਾਲ-ਵਾਲ ਬਚਾ ਹੋ ਗਿਆ। ਉਨ੍ਹਾਂ ਕਿਹਾ ਕਿ ਕਰੇਨ ਦੀ ਮਦਦ ਨਾਲ ਟਰਾਲੀਆਂ ਨੂੰ ਸੜਕ ਤੋਂ ਹਟਾਇਆ ਗਿਆ ਅਤੇ ਟਰੈਫਿਕ ਨੂੰ ਮੁੜ ਸੁਚਾਰੂ ਢੰਗ ਨਾਲ ਚਲਾਇਆ ਗਿਆ।