ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਨੇ ਕਿਹਾ ਹੈ ਕਿ ਪੰਜਾਬ ਨੂੰ ਅਗਲੇ ਮੁੱਖ ਮੰਤਰੀ ਦੇ ਰੂਪ ’ਚ ਇਕ ਅਜਿਹੇ ਆਗੂ ਦੀ ਲੋੜ ਹੈ, ਜੋ ਸੂਬੇ ਦੇ ਹਿੱਤਾਂ ਲਈ ਮਜ਼ਬੂਤੀ ਨਾਲ ਲੜ ਸਕੇ। ਪਰਗਟ ਸਿੰਘ ਨੇ ‘ਐਕਸ’ ’ਤੇ ਪੋਸਟ ਕਰਕੇ ਕਿਹਾ ਕਿ ਸਾਡੇ ਕੋਲ ਕਈ ਆਗੂ ਹਨ। ਅਸੀਂ ਜੱਟ ਸਿੱਖ ਦੇ ਨਜ਼ਰੀਏ ਨਾਲ ਗੱਲ ਨਹੀਂ ਕਰਦੇ। ਅਸੀਂ ਸਮਾਜਿਕ ਸਦਭਾਵਨਾ ’ਚ ਵਿਸ਼ਵਾਸ ਰੱਖਦੇ ਹਾਂ। ਪੰਜਾਬ ਨੂੰ ਅਜਿਹਾ ਮੁੱਖ ਮੰਤਰੀ ਚਾਹੀਦਾ ਹੈ, ਜੋ ਸੂਬੇ ਦੇ ਅਧਿਕਾਰਾਂ ਅਤੇ ਹਿੱਤਾਂ ਲਈ ਲੜਨ ਦਾ ਜਜ਼ਬਾ ਰੱਖਦਾ ਹੋਵੇ। ਪੰਜਾਬ ਨੂੰ ਇਕ ਫਾਈਟਰ ਮੁੱਖ ਮੰਤਰੀ ਦੀ ਲੋੜ ਹੈ। ਉਹ ਕਿਸੇ ਵੀ ਜਾਤ ਜਾਂ ਧਰਮ ਦਾ ਹੋਵੇ, ਸਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ।
ਪਰਗਟ ਸਿੰਘ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼ ਹੋ ਰਹੀਆਂ ਹਨ। ਉਨ੍ਹਾਂ ਦੇ ਬਿਆਨ ਨੂੰ ਕਾਂਗਰਸ ਵੱਲੋਂ ਲੀਡਰਸ਼ਿਪ ਦੀ ਚੋਣ ਨੂੰ ਜਾਤੀ ਸਮੀਕਰਨਾਂ ਤੋਂ ਉੱਪਰ ਰੱਖਣ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।