ਚੰਡੀਗੜ੍ਹ : ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਜ਼ਿਲ੍ਹਾਵਾਰ ਮੌਸਮ ਚੇਤਾਵਨੀ ਅਨੁਸਾਰ ਪੰਜਾਬ 'ਚ ਅੱਜ ਤੋਂ 12 ਜੂਨ ਤੱਕ ਮੌਸਮ ਦੀ ਵੱਡੀ ਅਪਡੇਟ ਜਾਰੀ ਕੀਤੀ ਗਈ ਹੈ। ਵਿਭਾਗ ਮੁਤਾਬਕ ਅੱਜ ਤੋਂ 3 ਦਿਨ ਤੱਕ ਲੂ ਦਾ ਅਸਰ ਰਹੇਗਾ, ਪਰ 11 ਤੇ 12 ਜੂਨ ਤੋਂ ਪੂਰੇ ਸੂਬੇ 'ਚ ਤੇਜ਼ ਹਨ੍ਹੇਰੀ ਤੇ ਗਰਜ-ਚਮਕ ਦਾ ਯੈਲੋ ਤੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅੱਜ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਹੀਟਵੇਵ ਦਾ ਅਲਰਟ ਜਾਰੀ ਕੀਤਾ ਹੈ, ਜਦਕਿ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਗੁਰਦਾਸਪੁਰ 'ਚ ਕੋਈ ਚਿਤਾਵਨੀ ਨਹੀਂ ਹੈ।
ਇਸੇ ਤਰ੍ਹਾਂ 9 ਜੂਨ ਨੂੰ ਵੀ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ 'ਚ ਤੇਜ਼ ਲੂ ਚੱਲੇਗੀ। 10 ਜੂਨ ਨੂੰ ਪੂਰੇ ਪੰਜਾਬ 'ਚ ਹੀ ਲੂ ਦੀ ਯੈਲੋ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਸਲਾਹ ਦਿੱਤੀ ਹੈ ਕਿ ਅੱਜ ਤੋਂ 10 ਜੂਨ ਤੱਕ ਦੁਪਹਿਰ 12 ਤੋਂ 4 ਵਜੇ ਧੁੱਪ/ਲੂ ਤੋਂ ਬਚੋ ਅਤੇ ਜ਼ਰੂਰੀ ਕੰਮ ਲਈ ਹੀ ਘਰੋਂ ਬਾਹਰ ਨਿਕਲੋ।
11-12 ਜੂਨ ਨੂੰ ਹਨ੍ਹੇਰੀ ਤੇ ਮੀਂਹ ਦੀ ਦਸਤਕ
ਮੌਸਮ ਵਿਭਾਗ ਮੁਤਾਬਕ 11 ਜੂਨ ਤੋਂ ਇਕ ਵਾਰ ਫਿਰ ਮੌਸਮ ਦਾ ਮਿਜ਼ਾਜ ਬਦਲੇਗਾ। ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਤਾਪਮਾਨ 'ਚ ਵੀ ਗਿਰਾਵਟ ਆਵੇਗੀ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਫਤਹਿਗੜ੍ਹ ਸਾਹਿਬ, ਲੁਧਿਆਣਾ, ਐਸ.ਏ.ਐਸ.ਨਗਰ 'ਚ 50-60 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਬਾਕੀ ਜ਼ਿਲ੍ਹਿਆਂ 'ਚ ਹਨ੍ਹੇਰੀ ਨਾਲ ਮੀਂਹ ਪੈਣ ਦੇ ਆਸਾਰ ਹਨ। ਇਸੇ ਤਰ੍ਹਾਂ 12 ਜੂਨ ਨੂੰ ਵੀ ਇਹੀ ਸਿਲਸਿਲਾ ਜਾਰੀ ਰਹੇਗਾ, ਜਦੋਂ ਪੂਰੇ ਸੂਬੇ 'ਚ ਤੇਜ਼ ਹਵਾਵਾਂ ਤੇ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ।