ਜਲੰਧਰ : ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਅਤੇ ਤਪਦੀ ਧੁੱਪ ਦੀ ਮਾਰ ਝੱਲ ਰਹੇ ਜਲੰਧਰ ਵਾਸੀਆਂ ਨੂੰ ਮੌਸਮ ਨੇ ਵੱਡੀ ਰਾਹਤ ਦਿੱਤੀ। ਬੀਤੇ ਦਿਨ ਪੂਰਾ ਦਿਨ ਤੇਜ਼ ਧੁੱਪ ਅਤੇ ਹੁੰਮਸ ਨਾਲ ਬੇਹਾਲ ਰਹੇ ਲੋਕਾਂ ਲਈ ਰਾਤ ਲਗਭਗ 8 ਵਜੇ ਤੋਂ ਬਾਅਦ ਮੌਸਮ ਨੇ ਕਰਵਟ ਲਈ ਅਤੇ ਜੰਮ ਕੇ ਵਰ੍ਹੇ ਬੱਦਲਾਂ ਅਤੇ ਚੱਲੀਆਂ ਠੰਡੀਆਂ ਹਵਾਵਾਂ ਨੇ ਪੂਰੇ ਸ਼ਹਿਰ ਦਾ ਮਾਹੌਲ ਬਦਲ ਦਿੱਤਾ। ਮੀਂਹ ਸ਼ੁਰੂ ਹੁੰਦੇ ਹੀ ਜਿੱਥੇ ਸੜਕਾਂ ’ਤੇ ਗਰਮੀ ਦਾ ਅਸਰ ਘਟਣ ਲੱਗਾ, ਉੱਥੇ ਹੀ ਲੋਕਾਂ ਦੇ ਚਿਹਰਿਆਂ ’ਤੇ ਵੀ ਰਾਹਤ ਸਾਫ਼ ਵਿਖਾਈ ਦਿੱਤੀ। ਕਈ ਥਾਵਾਂ ’ਤੇ ਲੋਕ ਘਰਾਂ ਵਿਚੋਂ ਬਾਹਰ ਨਿਕਲ ਕੇ ਮੀਂਹ ਦਾ ਆਨੰਦ ਮਾਣਦੇ ਨਜ਼ਰ ਆਏ, ਜਦਕਿ ਬੱਚਿਆਂ ਅਤੇ ਨੌਜਵਾਨਾਂ ਨੇ ਵੀ ਮੀਂਹ ਵਿਚ ਭਿੱਜ ਕੇ ਪ੍ਰੀ-ਮਾਨਸੂਨ ਦਾ ਸਵਾਗਤ ਕੀਤਾ।
ਦੁਪਹਿਰ ਤੱਕ ਜਲੰਧਰ ਵਿਚ ਗਰਮੀ ਦਾ ਕਹਿਰ ਜਾਰੀ ਰਿਹਾ। ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਾਰਨ ਬਾਜ਼ਾਰਾਂ, ਸੜਕਾਂ ਅਤੇ ਜਨਤਕ ਥਾਵਾਂ ’ਤੇ ਲੋਕਾਂ ਦੀ ਆਵਾਜਾਈ ਮੁਕਾਬਲਤਨ ਘੱਟ ਰਹੀ। ਹਾਲਾਂਕਿ ਸ਼ਾਮ ਢਲਦਿਆਂ-ਢਲਦਿਆਂ ਆਸਮਾਨ ਵਿਚ ਬੱਦਲ ਛਾਉਣੇ ਸ਼ੁਰੂ ਹੋ ਗਏ ਅਤੇ ਕੁਝ ਥਾਵਾਂ ’ਤੇ ਬੂੰਦਾਬਾਂਦੀ ਦਾ ਦੌਰ ਸ਼ੁਰੂ ਹੋਇਆ। ਇਸ ਤੋਂ ਬਾਅਦ ਰਾਤ ਸਮੇਂ ਪਏ ਤੇਜ਼ ਮੀਂਹ ਨੇ ਪੂਰੇ ਸ਼ਹਿਰ ਨੂੰ ਭਿਉਂ ਦਿੱਤਾ। ਮੀਂਹ ਦੇ ਨਾਲ ਚੱਲੀਆਂ ਠੰਡੀਆਂ ਹਵਾਵਾਂ ਨੇ ਤਾਪਮਾਨ ਵਿਚ ਵੱਡੀ ਗਿਰਾਵਟ ਲਿਆ ਦਿੱਤੀ, ਜਿਸ ਨਾਲ ਲੋਕਾਂ ਨੂੰ ਲੰਮੇ ਸਮੇਂ ਬਾਅਦ ਰਾਹਤ ਮਹਿਸੂਸ ਹੋਈ।
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਮੀਂਹ ਤੋਂ ਬਾਅਦ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ ਲਗਭਗ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਵੇਰੇ ਸ਼ਹਿਰ ਦਾ ਤਾਪਮਾਨ 44 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਸੀ। ਲਗਾਤਾਰ ਵਧਦੇ ਤਾਪਮਾਨ ਅਤੇ ਲੂ ਵਰਗੇ ਹਾਲਾਤ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਸੀ। ਅਜਿਹੇ ਵਿਚ ਮੀਂਹ ਅਤੇ ਠੰਡੀਆਂ ਹਵਾਵਾਂ ਨੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਮੀਂਹ ਤੋਂ ਬਾਅਦ ਸ਼ਹਿਰ ਦੇ ਕਈ ਇਲਾਕਿਆਂ ਵਿਚ ਮੌਸਮ ਸੁਹਾਵਣਾ ਹੋ ਗਿਆ। ਦੇਰ ਰਾਤ ਤੱਕ ਲੋਕ ਘਰਾਂ ਦੀਆਂ ਛੱਤਾਂ, ਬਾਲਕੋਨੀਆਂ ਅਤੇ ਪਾਰਕਾਂ ਵਿਚ ਮੌਸਮ ਦਾ ਆਨੰਦ ਮਾਣਦੇ ਵਿਖਾਈ ਦਿੱਤੇ। ਉੱਥੇ ਹੀ ਕਿਸਾਨਾਂ ਅਤੇ ਬਾਗਬਾਨੀ ਨਾਲ ਜੁੜੇ ਲੋਕਾਂ ਨੇ ਵੀ ਇਸ ਮੀਂਹ ਨੂੰ ਫ਼ਾਇਦੇਮੰਦ ਦੱਸਿਆ ਹੈ।
ਦੂਜੇ ਪਾਸੇ ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਆਗਾਮੀ ਦਿਨਾਂ ਲਈ ਵੀ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਗਰਜ-ਚਮਕ, ਤੇਜ਼ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਜਲੰਧਰ ਨੂੰ ਓਰੇਂਜ ਅਲਰਟ ਜ਼ੋਨ ਵਿਚ ਰੱਖਿਆ ਗਿਆ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਪੱਛਮੀ ਗੜਬੜ (ਵੈਸਟਰਨ ਡਿਸਟਰਬੈਂਸ) ਅਤੇ ਵਾਤਾਵਰਣ ਵਿਚ ਵਧੀ ਨਮੀ ਕਾਰਨ ਮੌਸਮ ਵਿਚ ਇਹ ਬਦਲਾਅ ਦੇਖਣ ਨੂੰ ਮਿਲਿਆ ਹੈ। ਜੇਕਰ ਅਗਲੇ ਕੁਝ ਦਿਨਾਂ ਤੱਕ ਇਸੇ ਤਰ੍ਹਾਂ ਮੌਸਮ ਸਰਗਰਮ ਰਿਹਾ ਤਾਂ ਤਾਪਮਾਨ ਵਿਚ ਹੋਰ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।
ਮੌਸਮ ’ਚ ਬਦਲਾਅ ਦੇ ਬਾਵਜੂਦ ਸਾਵਧਾਨ ਰਹੋ
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਅਤੇ ਠੰਡੀਆਂ ਹਵਾਵਾਂ ਤੋਂ ਮਿਲੀ ਰਾਹਤ ਨੂੰ ਵੇਖਦੇ ਹੋਏ ਲੋਕਾਂ ਨੂੰ ਲਾਪ੍ਰਵਾਹ ਨਹੀਂ ਹੋਣਾ ਚਾਹੀਦਾ। ਮੌਸਮ ਵਿਚ ਆਏ ਬਦਲਾਅ ਦਾ ਅਸਰ ਆਰਜ਼ੀ ਵੀ ਹੋ ਸਕਦਾ ਹੈ ਅਤੇ ਧੁੱਪ ਨਿਕਲਣ ਤੋਂ ਬਾਅਦ ਗਰਮੀ ਦੋਬਾਰਾ ਵਧ ਸਕਦੀ ਹੈ। ਅਜਿਹੇ ਵਿਚ ਲੋਕਾਂ ਨੂੰ ਲੋੜੀਂਦੀ ਮਾਤਰਾ ਵਿਚ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ, ਧੁੱਪ ਵਿਚ ਨਿਕਲਦੇ ਸਮੇਂ ਸਿਰ ਨੂੰ ਢਕਣਾ ਚਾਹੀਦਾ ਹੈ ਅਤੇ ਬੱਚਿਆਂ ਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਮਾਹਿਰਾਂ ਅਨੁਸਾਰ ਗਰਮੀ ਦਾ ਪ੍ਰਭਾਵ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ, ਇਸ ਲਈ ਸਿਹਤ ਸਬੰਧੀ ਸਾਵਧਾਨੀਆਂ ਜਾਰੀ ਰੱਖਣਾ ਜ਼ਰੂਰੀ ਹੈ।
ਸ਼ਹਿਰ ’ਚ ਅੱਧਾ ਦਰਜਨ ਰੁੱਖ ਡਿੱਗੇ, ਕਈ ਥਾਵਾਂ ’ਤੇ ਹੋਇਆ ਨੁਕਸਾਨ
ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਅੱਧਾ ਦਰਜਨ ਦੇ ਕਰੀਬ ਦਰੱਖ਼ਤ ਡਿੱਗ ਗਏ। ਕਈ ਥਾਵਾਂ ’ਤੇ ਰੁੱਖ ਸੜਕਾਂ ’ਤੇ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ, ਜਦਕਿ ਕੁਝ ਥਾਵਾਂ ’ਤੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ। ਵਡਾਲਾ ਚੌਕ ਨੇੜੇ ਇਕ ਖੜ੍ਹੀ ਗੱਡੀ ’ਤੇ ਰੁੱਖ ਡਿੱਗ ਗਿਆ, ਜਿਸ ਨਾਲ ਵਾਹਨ ਦਾ ਨੁਕਸਾਨ ਹੋ ਗਿਆ। ਹਾਲਾਂਕਿ ਇਸ ਦੌਰਾਨ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਈ ਇਲਾਕਿਆਂ ਵਿਚ ਰੁੱਖਾਂ ਦੇ ਟਹਿਣੀਆਂ ਟੁੱਟ ਕੇ ਸੜਕਾਂ ’ਤੇ ਆ ਡਿੱਗੀਆਂ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੂਚਨਾ ਮਿਲਣ ’ਤੇ ਸਬੰਧਤ ਵਿਭਾਗਾਂ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਡਿੱਗੇ ਹੋਏ ਦਰੱਖ਼ਤਾਂ ਨੂੰ ਹਟਾ ਕੇ ਆਵਾਜਾਈ ਬਹਾਲ ਕਰਵਾਈ। ਮੌਸਮ ਵਿਚ ਆਏ ਅਚਾਨਕ ਬਦਲਾਅ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਪਰ ਕਈ ਇਲਾਕਿਆਂ ਵਿਚ ਜਲ-ਥਲ (ਪਾਣੀ ਭਰਨ) ਅਤੇ ਦਰੱਖ਼ਤ ਡਿੱਗਣ ਦੀਆਂ ਘਟਨਾਵਾਂ ਕਾਰਨ ਮੁਸ਼ਕਿਲਾਂ ਵੀ ਸਾਹਮਣੇ ਆਈਆਂ।