ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿਛਲੇ 12 ਸਾਲਾਂ 'ਚ ਭਾਰਤ 'ਚ ਸ਼ਹਿਰਾਂ ਅਤੇ ਪਿੰਡਾਂ ਵਿਚਕਾਰ ਅੰਤਰ ਕਾਫ਼ੀ ਘੱਟ ਹੋਇਆ ਹੈ। ਪੀਐੱਮ ਮੋਦੀ ਨੇ ਵਾਰਾਣਸੀ ਤੋਂ ਵਡਨਗਰ ਤੱਕ 'ਸੇਵਾ ਯਾਤਰਾ' ਮੋਟਰਸਾਈਕਲ ਰੈਲੀ ਦੇ ਭਾਗੀਦਾਰਾਂ ਨੂੰ ਦੱਸਿਆ ਕਿ 2014 'ਚ ਉਨ੍ਹਾਂ ਦੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਦੇਸ਼ ਦੀਆਂ ਔਰਤਾਂ 'ਚ ਆਤਮ ਨਿਰਭਰਤਾ ਵਧੀ ਹੈ।
ਉਨ੍ਹਾਂ ਕਿਹਾ,"ਪਿਛਲੇ 12 ਸਾਲਾਂ 'ਚ ਭਾਰਤ 'ਚ ਸ਼ਹਿਰਾਂ ਅਤੇ ਪਿੰਡਾਂ ਵਿਚਕਾਰ ਅੰਤਰ ਕਾਫ਼ੀ ਘੱਟ ਹੋਇਆ ਹੈ। ਪਿੰਡਾਂ 'ਚ ਬੁਨਿਆਦੀ ਢਾਂਚੇ 'ਚ ਅੱਜ ਕਾਫ਼ੀ ਸੁਧਾਰ ਹੋਇਆ ਹੈ।" ਪ੍ਰਧਾਨ ਮੰਤਰੀ ਨੇ ਭਾਗੀਦਾਰਾਂ ਨੂੰ ਕਿਹਾ ਕਿ ਕੰਮ ਸਿਰਫ਼ ਵੋਟ ਬੈਂਕ ਦੀ ਰਾਜਨੀਤੀ ਲਈ ਨਹੀਂ, ਸਗੋਂ ਸਮਾਜ 'ਚ ਨਿਰੰਤਰ ਸੁਧਾਰ ਅਤੇ ਸਕਾਰਾਤਮਕ ਤਬਦੀਲੀ ਲਈ ਕੀਤਾ ਜਾਣਾ ਚਾਹੀਦਾ ਹੈ। ਪੀਐੱਮ ਮੋਦੀ ਦੇ 76ਵੇਂ ਜਨਮਦਿਨ ਮੌਕੇ 17 ਸਤੰਬਰ ਨੂੰ ਵਡਨਗਰ ਅਤੇ ਵਾਰਾਣਸੀ ਤੋਂ 2 ਮੋਟਰਸਾਈਕਲ ਰੈਲੀਆਂ ਨੂੰ ਰਵਾਨਾ ਕੀਤਾ ਗਿਆ ਸੀ ਅਤੇ ਇਨ੍ਹਾਂ ਦਾ ਸਮਾਪਨ 7 ਅਕਤੂਬਰ ਨੂੰ ਹੋਵੇਗਾ।
ਵਡਨਗਰ ਤੋਂ ਵਾਰਾਣਸੀ ਅਤੇ ਵਾਰਾਣਸੀ ਤੋਂ ਵਡਨਗਰ ਤੱਕ ਇਹ ਮੋਟਰਸਾਈਕਲ ਰੈਲੀਆਂ ਪੀਐੱਮ ਮੋਦੀ ਦੇ ਚੁਣੇ ਹੋਏ ਪ੍ਰਤੀਨਿਧੀ ਵਜੋਂ ਜਨਤਕ ਸੇਵਾ ਦੇ 25 ਸਾਲ ਪੂਰਾ ਕਰਨ ਕਾਰਨ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਗੁਜਰਾਤ ਦਾ ਵਡਨਗਰ ਮੋਦੀ ਦਾ ਜਨਮ ਸਥਾਨ ਹੈ, ਜਦੋਂ ਕਿ ਉੱਤਰ ਪ੍ਰਦੇਸ਼ ਦਾ ਵਾਰਾਣਸੀ 2014 ਤੋਂ ਉਨ੍ਹਾਂ ਦਾ ਲੋਕ ਸਭਾ ਹਲਕਾ ਰਿਹਾ ਹੈ। ਦੋਵੇਂ ਰੈਲੀਆਂ ਜ਼ਮੀਨੀ ਪੱਧਰ 'ਤੇ ਸੇਵਾ ਦੀ ਭਾਵਨਾ ਫੈਲਾਉਣ ਦੇ ਉਦੇਸ਼ ਨਾਲ ਵੱਖ-ਵੱਖ ਕਸਬਿਆਂ, ਜ਼ਿਲ੍ਹਿਆਂ ਅਤੇ ਪਿੰਡਾਂ 'ਚੋਂ ਲੰਘ ਰਹੀਆਂ ਹਨ।
ਪੀਐੱਮ ਮੋਦੀ ਨੇ ਕਿਹਾ ਕਿ ਵਡਨਗਰ ਨੇ ਉਨ੍ਹਾਂ ਨੂੰ ਉਹ ਸੰਸਕਾਰ ਦਿੱਤੇ, ਜਿਨ੍ਹਾਂ ਦੇ ਉਨ੍ਹਾਂ ਦੇ ਜੀਵਨ ਨੂੰ ਆਕਾਰ ਦਿੱਤਾ ਅਤੇ ਕਾਸ਼ੀ (ਵਾਰਾਣਸੀ) ਨੇ ਉਨ੍ਹਾਂ ਸੰਸਕਾਰਾਂ 'ਚ ਸੇਵਾ ਦੇ ਅਣਗਿਣਤ ਰੰਗ ਜੋੜੇ। ਉਨ੍ਹਾਂ ਕਿਹਾ,"ਮੈਨੂੰ ਖੁਸ਼ੀ ਹੈ ਕਿ ਤੁਸੀਂ ਸਾਰੇ ਇਸ ਯਾਤਰਾ ਨੂੰ ਸੇਵਾ ਦੇ ਕਈ ਰੰਗਾਂ ਨਾਲ ਅਮੀਰ ਬਣਾ ਰਹੇ ਹੋ।" ਇਨ੍ਹਾਂ 2 ਮੋਟਰਸਾਈਕਲ ਰੈਲੀਆਂ ਰਾਹੀਂ, ਜਨਤਕ ਚਿੰਤਾ ਦੇ ਵੱਖ-ਵੱਖ ਪਹਿਲੂਆਂ, ਜਿਵੇਂ ਕਿ ਸੇਵਾ, ਪਹੁੰਚ, ਨੌਜਵਾਨਾਂ ਦੀ ਭਾਗੀਦਾਰੀ, ਸਮਾਜ ਭਲਾਈ, ਸੱਭਿਆਚਾਰਕ ਸ਼ਮੂਲੀਅਤ ਅਤੇ ਭਾਈਚਾਰਕ ਭਾਗੀਦਾਰੀ ਨੂੰ ਇਕ ਜ਼ਮੀਨੀ ਪੱਧਰ ਤੋਂ ਦੂਜੀ ਤੱਕ ਲਿਜਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਵਡਨਗਰ ਤੋਂ ਵਾਰਾਣਸੀ ਤੱਕ ਰੈਲੀ 'ਚ ਭਾਗੀਦਾਰਾਂ ਨਾਲ ਗੱਲਬਾਤ ਕੀਤੀ।