ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਨੇ ਤਬਾਹੀ ਮਚਾ ਰੱਖੀ ਹੈ। ਇਸ ਦੌਰਾਨ ਆਵਾਜਾਈ ਹੀ ਨਹੀਂ ਬਲਕਿ ਜਨਜੀਵਨ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਅਜੇ ਵਿਚ ਕਈ ਲੋਕ ਅਜਿਹੇ ਹਨ ਜੋ ਹਿਮਾਚਲ ਜਾਣ ਜਾਂ ਚਿੰਤਪੁਰਨੀ ਮਾਤਾ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਹੋਣਗੇ। ਪਰ ਉਨ੍ਹਾਂ ਨੂੰ ਜ਼ਰਾ ਹਿਮਾਚਲ ਦੇ ਹਾਲਾਤ ਦੇਖ ਲੈਣੇ ਚਾਹੀਦੇ ਹਨ।
ਸੋਸ਼ਲ ਮੀਡੀਆ ਉੱਤੇ ਹਿਮਾਚਲ ਦੀਆਂ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਸੜਕਾਂ ਪੂਰੀ ਤਰ੍ਹਾਂ ਨਾਲ ਦਰਿਆ ਬਣੀਆਂ ਹੋਈਆਂ ਹਨ ਤੇ ਜਨਜੀਵਨ ਵੀ ਠੱਪ ਨਜ਼ਰ ਆ ਰਿਹਾ ਹੈ। ਹੁਣ ਇਕ ਹੋਰ ਵਾਇਰਲ ਹੋ ਰਹੀ ਵੀਡੀਓ, ਜੋ ਕਿ ਨਿਊ ਰੋਡ ਗਗਰੇਡ, ਸ਼ਿਵਬਾੜੀ ਚਿੰਤਪੁਨਰੀ (ਛੋਹ) ਦੀ ਦੱਸੀ ਜਾ ਰਹੀ ਹੈ, ਪੂਰੀ ਤਰ੍ਹਾਂ ਨਾਲ ਦਰਿਆ ਦਾ ਰੂਪ ਧਾਰ ਗਈ ਹੈ।
ਦੱਸ ਦਈਏ ਕਿ ਨਦੀਆਂ ਅਤੇ ਨਾਲੇ ਪਾਣੀ ਭਰ ਜਾਣ ਕਾਰਨ ਉਛਲ ਰਹੇ ਹਨ ਅਤੇ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਦੌਰਾਨ ਕੁੱਲੂ-ਮਨਾਲੀ ਵਿੱਚ ਸਥਿਤੀ ਖ਼ਾਸ ਤੌਰ 'ਤੇ ਬੇਹੱਦ ਗੰਭੀਰ ਬਣੀ ਹੋਈ ਹੈ, ਜਿੱਥੇ ਬਾਰਿਸ਼ ਕਾਰਨ ਭਾਰੀ ਨੁਕਸਾਨ ਹੋਇਆ ਹੈ। ਮਨਾਲੀ-ਲੇਹ ਰਾਸ਼ਟਰੀ ਰਾਜਮਾਰਗ ਦਾ ਇੱਕ ਹਿੱਸਾ ਬਿੰਦੂ ਢੈਂਕ ਦੇ ਨੇੜੇ ਬਿਆਸ ਨਦੀ ਵਿੱਚ ਵਹਿ ਗਿਆ।
ਬਹੰਗ ਵਿੱਚ ਵੀ ਬਿਆਸ ਨਦੀ ਦੇ ਤੇਜ਼ ਵਹਾਅ ਵਿੱਚ ਇੱਕ ਰੈਸਟੋਰੈਂਟ ਅਤੇ ਚਾਰ ਦੁਕਾਨਾਂ ਵਹਿ ਗਈਆਂ। ਇਸ ਤੋਂ ਇਲਾਵਾ ਮੀਂਹ ਕਾਰਨ ਆਲੂ ਗਰਾਊਂਡ ਅਤੇ ਬਹੰਗ ਵਿਖੇ ਨਦੀ ਦਾ ਪਾਣੀ ਹਾਈਵੇਅ ਤੱਕ ਪਹੁੰਚ ਗਿਆ, ਜਿਸ ਕਾਰਨ ਪ੍ਰਸ਼ਾਸਨ ਨੂੰ ਰਾਤੋ-ਰਾਤ ਇਨ੍ਹਾਂ ਇਲਾਕਿਆਂ ਨੂੰ ਖਾਲੀ ਕਰਵਾਉਣਾ ਪਿਆ। ਆਲੂ ਗਰਾਊਂਡ ਦੇ ਨੇੜੇ ਪੁਲਸ ਨੇ ਬਿਆਸ ਨਦੀ ਦੇ ਵਿਚਕਾਰ ਫਸੇ ਇੱਕ ਵਿਅਕਤੀ ਨੂੰ ਸਫਲਤਾਪੂਰਵਕ ਬਚਾਇਆ।